ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਪੰਡੋਹ ਡੈਮ ਨੇੜੇ ਦੁਪਹਿਰ ਸਮੇਂ ਇਕ ਪ੍ਰਾਇਵੇਟ ਬੱਸ ਸੜਕ ‘ਤੇ ਪਲਟ ਗਈ। ਇਸ ਹਾਦਸੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਦਸੇ ਦੇ ਸਮੇਂ ਬੱਸ ਵਿੱਚ ਡਰਾਈਵਰ ਅਤੇ ਕੰਡਕਟਰ ਸਮੇਤ 25 ਯਾਤਰੀ ਸਵਾਰ ਸਨ।
ਮਿਲੀ ਜਾਣਕਾਰੀ ਅਨੁਸਾਰ ਮੰਡੀ ਦੇ ਪੰਡੋਹ ਬੰਨ੍ਹ ਨਾਲ ਲੱਗਦੇ ਪੀਵੀਸੀ ਮੋੜ ਨੇੜੇ ਦੁਪਹਿਰ ਵੇਲੇ ਬੱਸ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ। ਜੇਕਰ ਬੱਸ ਸੜਕ ਤੋਂ ਬਾਹਰ ਬੰਨ੍ਹ ਵਿੱਚ ਜਾ ਡਿੱਗੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਦੱਸ ਦਈਏ ਕਿ ਚਾਰ-ਪੰਜ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਬਾਕੀ ਸਾਰੇ ਸੁਰੱਖਿਅਤ ਦੱਸੇ ਜਾਂਦੇ ਹਨ। ਅੰਜਲੀ ਟਰਾਂਸਪੋਰਟ ਦੀ ਬੱਸ ਕੁੱਲੂ ਤੋਂ ਮੰਡੀ ਵੱਲ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬੱਸ ਦਾ ਇੱਕ ਟਾਇਰ ਸੜਕ ਦੇ ਟੋਏ ਵਿੱਚ ਜਾ ਵੜਿਆ।
ਇਸ ਕਾਰਨ ਬੱਸ ਦਾ ਕੁਝ ਹਿੱਸਾ ਟੁੱਟ ਗਿਆ, ਜਿਸ ਕਾਰਨ ਬੱਸ ਸੜਕ ’ਤੇ ਪਲਟ ਗਈ। ਮੌਕੇ ‘ਤੇ ਖੜ੍ਹੀ ਇਕ ਕਾਰ ਵੀ ਇਸ ਦੀ ਲਪੇਟ ‘ਚ ਆ ਗਈ, ਜਿਸ ਕਾਰਨ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਦੂਜੇ ਵਾਹਨਾਂ ਤੋਂ ਹੇਠਾਂ ਉਤਰੇ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।












