ਤੁਸੀਂ ਕਾਰਾਂ ਅਤੇ ਬੱਸਾਂ ਨੂੰ ਕਈ ਵਾਰ ਧੱਕਾ ਮਾਰਦੇ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਦੇ ਟਰੇਨ ਨੂੰ ਧੱਕਾ ਮਾਰਦੇ ਦੇਖਿਆ ਹੈ? ਜੇਕਰ ਨਹੀਂ ਦੇਖਿਆ ਤਾਂ ਹੁਣੇ ਦੇਖੋ। ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਮਾਮਲਾ ਕੀ ਹੈ? ਫਿਲਹਾਲ ਇਹ ਖ਼ਬਰ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਤੇਜ਼ੀ ਨਾਲ ਫੈਲ ਰਹੀ ਹੈ। ਭੀੜ ਨੇ ਇਕੱਠੇ ਹੋ ਕੇ ਮੁੰਬਈ ਦੀ ਲੋਕਲ ਟਰੇਨ ਨੂੰ ਧੱਕਾ ਲਗਾਇਆ। ਪਰ ਜਦੋਂ ਤੁਸੀਂ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਕਾਰਨ ਜਾਣੋਗੇ, ਤਾਂ ਤੁਸੀਂ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕੋਗੇ।
ਇਹ ਵੀਡੀਓ ਮੁੰਬਈ ਦੇ ਵਾਸ਼ੀ ਸਟੇਸ਼ਨ ਦੀ ਹੈ, ਜਿੱਥੇ ਟਰੇਨ ਦੇ ਪਹੀਆਂ ਹੇਠ ਆਏ ਇਕ ਨੌਜਵਾਨ ਨੂੰ ਬਚਾਉਣ ਲਈ ਯਾਤਰੀਆਂ ਨੇ ਖੁਦ ਹੀ ਟਰੇਨ ਨੂੰ ਧੱਕਾ ਦੇਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਰੇਨ ‘ਚ ਚੜ੍ਹਦੇ ਸਮੇਂ ਨੌਜਵਾਨ ਫਿਸਲ ਗਿਆ ਅਤੇ ਪਲੇਟਫਾਰਮ ਅਤੇ ਟਰੇਨ ਵਿਚਕਾਰ ਫਸ ਗਿਆ। ਜਿਸ ਤੋਂ ਬਾਅਦ ਉੱਥੇ ਮੌਜੂਦ ਭੀੜ ਨੇ ਇਨਸਾਨੀਅਤ ਦਿਖਾਉਂਦੇ ਹੋਏ ਇਕਜੁੱਟ ਹੋ ਕੇ ਨੌਜਵਾਨ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਇਸ ਅਨੋਖੇ ਬਚਾਅ ਕਾਰਜ ਦਾ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰੇਲਵੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਰੇਲਵੇ ਕਲੋਜ਼ ਸਰਕਟ ਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਨੌਜਵਾਨ ਕਿਸੇ ਹੋਰ ਪਲੇਟਫਾਰਮ ‘ਤੇ ਪਹੁੰਚਣ ਲਈ ਛਾਲ ਮਾਰ ਕੇ ਪਟੜੀ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਹ ਟਰੇਨ ਦੀ ਲਪੇਟ ‘ਚ ਆ ਗਿਆ।












