ਜਨਵਰੀ 2023 ਦੇ ਮੁਕਾਬਲੇ ਜਨਵਰੀ 2024 ਵਿੱਚ ਫ਼ਿਰੋਜ਼ਪੁਰ ਡਿਵੀਜ਼ਨ ਰੇਲਵੇ ਨੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨੇ ਦੇ ਰੂਪ ਵਿੱਚ 25 ਫ਼ੀਸਦੀ ਜ਼ਿਆਦਾ ਮਾਲੀਆ ਇਕੱਠਾ ਕੀਤਾ ਗਿਆ ਹੈ। ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲ ਗੱਡੀਆਂ ਵਿੱਚ ਅਣਅਧਿਕਾਰਤ ਤੌਰ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਰੋਕਣ ਲਈ ਰੇਲ ਗੱਡੀਆਂ ਵਿੱਚ ਟਿਕਟਾਂ ਦੀ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।
ਜਨਵਰੀ 2024 ਦੌਰਾਨ ਰੇਲ ਗੱਡੀਆਂ ਵਿੱਚ ਟਿਕਟਾਂ ਦੀ ਚੈਕਿੰਗ ਦੌਰਾਨ, ਕੁੱਲ 28,140 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਤੌਰ ‘ਤੇ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 2.49 ਕਰੋੜ ਰੁਪਏ ਦੀ ਆਮਦਨ ਵਸੂਲੀ ਗਈ। ਬੋਰਡ ਦੀ ਇਹ ਰਕਮ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਬਿਨਾਂ ਟਿਕਟ ਸਫ਼ਰ ਕਰਦੇ ਫੜੇ ਗਏ ਯਾਤਰੀਆਂ ਦੀ ਰਕਮ ਨਾਲੋਂ 25 ਫ਼ੀਸਦੀ ਜ਼ਿਆਦਾ ਹੈ।
ਬਿਨਾਂ ਟਿਕਟ ਮੁਸਾਫਰਾਂ ‘ਤੇ ਰੋਕ ਲਗਾਉਣ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ ‘ਚ ਕੂੜਾ ਸੁੱਟਣ ਵਾਲਿਆਂ ਪ੍ਰਤੀ ਵੀ ਰੇਲਵੇ ਗੰਭੀਰ ਹੋ ਰਿਹਾ ਹੈ। ਇਸ ਤਹਿਤ ਜਨਵਰੀ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ ਵਿੱਚ ਕੂੜਾ ਸੁੱਟਣ ਦੇ ਦੋਸ਼ ਵਿੱਚ 478 ਯਾਤਰੀਆਂ ਨੂੰ 74 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ। ਗੱਲਬਾਤ ਕਰਦਿਆਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ।
ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਭਵਿੱਖ ਵਿੱਚ ਉਹ ਸਹੀ ਟਿਕਟਾਂ ਨਾਲ ਹੀ ਸਫ਼ਰ ਕਰ ਸਕਣ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਅਹਾਤੇ ਅਤੇ ਰੇਲਗੱਡੀਆਂ ਨੂੰ ਸਾਫ਼ ਸੁਥਰਾ ਰੱਖਣ ਵਿੱਚ ਸਹਿਯੋਗ ਕਰਨ।












