ਹਿਮਾਚਲ ਪ੍ਰਦੇਸ਼ ਵਿੱਚ 3 ਦਿਨਾਂ ਤੱਕ ਭਾਰੀ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 18 ਤੋਂ 20 ਫਰਵਰੀ ਤੱਕ 72 ਘੰਟਿਆਂ ਲਈ ਔਰੇਂਜ ਅਲਰਟ ਅਤੇ 17 ਅਤੇ 21 ਫਰਵਰੀ ਨੂੰ ਯੈਲੋ ਅਲਰਟ ਦਿੱਤਾ ਹੈ।
IMD ਦੇ ਅਨੁਸਾਰ, ਪੱਛਮੀ ਗੜਬੜੀ (WD) 17 ਫਰਵਰੀ ਤੋਂ ਸਰਗਰਮ ਹੋ ਜਾਵੇਗੀ। ਇਸ ਦਾ ਅਸਰ ਅਗਲੇ ਪੰਜ ਦਿਨਾਂ ਤੱਕ ਰਹੇਗਾ। ਇਸ ਕਾਰਨ ਸ਼ਿਮਲਾ, ਮੰਡੀ, ਕੁੱਲੂ, ਕਿਨੌਰ, ਕਾਂਗੜਾ, ਲਾਹੌਲ ਸਪਿਤੀ ਅਤੇ ਚੰਬਾ ਦੀਆਂ ਉੱਚੀਆਂ ਚੋਟੀਆਂ ‘ਤੇ ਇਕ ਵਾਰ ਫਿਰ ਬਰਫ ਦੀ ਚਿੱਟੀ ਚਾਦਰ ਛਾ ਸਕਦੀ ਹੈ। ਇਸ ਦੌਰਾਨ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋ ਸਕਦੀ ਹੈ।
ਅਜਿਹੇ ‘ਚ ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੂੰ ਉੱਚੇ ਇਲਾਕਿਆਂ ‘ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਬਰਫਬਾਰੀ ਤੋਂ ਬਾਅਦ ਸੜਕਾਂ ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਬਰਫ਼ ਵਿੱਚ ਫਸਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੈਦਾਨੀ ਜ਼ਿਲ੍ਹਿਆਂ ਊਨਾ, ਸੋਲਨ, ਸਿਰਮੌਰ, ਹਮੀਰਪੁਰ, ਬਿਲਾਸਪੁਰ ਅਤੇ ਕਾਂਗੜਾ ਜ਼ਿਲ੍ਹੇ ਦੇ ਨੀਵੇਂ ਇਲਾਕਿਆਂ ਵਿੱਚ ਚੰਗੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਪਹਾੜਾਂ ਵਿੱਚ ਪਿਛਲੇ ਡੇਢ ਹਫ਼ਤੇ ਤੋਂ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਧੁੱਪ ਨਿਕਲਣ ਨਾਲ ਠੰਢ ਗਾਇਬ ਹੋ ਗਈ ਹੈ। ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 3.2 ਡਿਗਰੀ ਵੱਧ ਕੇ 6.6 ਡਿਗਰੀ ਹੋ ਗਿਆ ਹੈ। ਡਲਹੌਜ਼ੀ ਦਾ ਤਾਪਮਾਨ ਆਮ ਨਾਲੋਂ 4.9 ਡਿਗਰੀ ਵੱਧ ਕੇ 8 ਡਿਗਰੀ, ਕਲਪਾ ਦਾ ਤਾਪਮਾਨ ਆਮ ਨਾਲੋਂ 3.8 ਡਿਗਰੀ ਵੱਧ ਕੇ 0.4 ਡਿਗਰੀ ਹੋ ਗਿਆ ਹੈ।
ਸੂਬੇ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ‘ਚ ਸਵੇਰ ਅਤੇ ਸ਼ਾਮ ਨੂੰ ਕੜਾਕੇ ਦੀ ਠੰਡ ਪੈ ਰਹੀ ਹੈ। ਪਰ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ। ਹਿਮਾਚਲ ਦੇ 23 ਵਿੱਚੋਂ 12 ਸ਼ਹਿਰਾਂ ਵਿੱਚ ਤਾਪਮਾਨ 20 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਊਨਾ ਦਾ ਤਾਪਮਾਨ 26.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਬਾਰਿਸ਼ ਅਤੇ ਬਰਫਬਾਰੀ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਆਵੇਗੀ ਅਤੇ ਠੰਡ ਇਕ ਵਾਰ ਫਿਰ ਪਹਾੜਾਂ ‘ਤੇ ਪਰਤ ਆਵੇਗੀ।












