ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਬੀਤੇ ਸ਼ੁੱਕਰਵਾਰ ਨੂੰ ਵਿਧਾਇਕ ਵਜੋਂ ਸਹੁੰ ਚੁੱਕੀ। ਪਾਕਿਸਤਾਨੀ ਮੀਡੀਆ ‘ਡਾਨ’ ਮੁਤਾਬਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਿਬਤੈਨ ਖਾਨ ਨੇ 313 ਵਿਧਾਇਕਾਂ ਨੂੰ ਸਹੁੰ ਚੁਕਾਈ।
ਇਸ ਵਿੱਚ ਪੀਐਮਐਲ-ਐਨ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ 215 ਵਿਧਾਇਕ ਅਤੇ ਸੁੰਨੀ ਇਤੇਹਾਦ ਕੌਂਸਲ (ਐਸਆਈਸੀ) ਪਾਰਟੀ ਵਿੱਚ ਸ਼ਾਮਲ ਹੋਏ ਇਮਰਾਨ ਦੇ ਸਮਰਥਨ ਵਾਲੇ 98 ਉਮੀਦਵਾਰ ਸ਼ਾਮਲ ਸਨ।
ਦੱਸ ਦਈਏ ਕਿ ਮਰੀਅਮ ਅਤੇ ਹੋਰ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ।
ਦੱਸਣਯੋਗ ਹੈ ਕਿ ਮਰੀਅਮ ਪੀਐਮਐਲ-ਐਨ ਪਾਰਟੀ ਵੱਲੋਂ ਪੰਜਾਬ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੈ। ਪੰਜਾਬ ਸੂਬੇ ‘ਚ ਨਵਾਜ਼ ਦੀ ਪੀਐੱਮਐੱਲ-ਐੱਨ ਅਤੇ ਸਹਿਯੋਗੀ ਪਾਰਟੀਆਂ ਨੂੰ ਕੁੱਲ 371 ‘ਚੋਂ 215 ਸੀਟਾਂ ਮਿਲੀਆਂ ਹਨ। ਇਸ ਨਾਲ ਉਸ ਨੇ ਬਹੁਮਤ ਹਾਸਲ ਕਰ ਲਿਆ ਹੈ। ਇਸ ਕਾਰਨ ਮਰੀਅਮ ਦਾ ਮੁੱਖ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਦੇਸ਼ ਦੇ ਚਾਰ ਸੂਬਿਆਂ ਵਿੱਚੋਂ ਪੰਜਾਬ ਪਹਿਲੀ ਸੂਬਾਈ ਅਸੈਂਬਲੀ ਹੈ, ਜਿਸ ਦਾ ਉਦਘਾਟਨੀ ਸੈਸ਼ਨ ਬੁਲਾਇਆ ਗਿਆ ਸੀ। ਇਹ ਸੈਸ਼ਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼ੁਰੂ ਹੋਣਾ ਸੀ, ਪਰ ਇਸ ਵਿੱਚ ਦੋ ਘੰਟੇ ਤੋਂ ਵੱਧ ਦੀ ਦੇਰੀ ਹੋਈ। ਫਿਰ ਇਸ ਨੂੰ ਨਮਾਜ਼ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੁਪਹਿਰ 2.30 ਵਜੇ ਸੈਸ਼ਨ ਮੁੜ ਸ਼ੁਰੂ ਹੋਇਆ ਅਤੇ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਸਿਬਤੈਨ ਖਾਨ ਨੇ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ।
ਇਸ ਦੌਰਾਨ 24 ਫਰਵਰੀ ਨੂੰ ਸਿੰਧ ਵਿਧਾਨ ਸਭਾ ‘ਚ 168 ‘ਚੋਂ 148 ਵਿਧਾਇਕਾਂ ਨੇ ਸਹੁੰ ਚੁੱਕੀ। ਪੰਜਾਬ ਅਸੈਂਬਲੀ 371 ਸੀਟਾਂ ਦੇ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਚੁਣਿਆ ਗਿਆ ਸਦਨ ਹੈ। ਇਸ ਵਿੱਚ 297 ਜਨਰਲ ਸੀਟਾਂ ਅਤੇ 74 ਰਾਖਵੀਆਂ ਸੀਟਾਂ ਹਨ, ਜਿਨ੍ਹਾਂ ਵਿੱਚ 66 ਔਰਤਾਂ ਲਈ ਅਤੇ 8 ਘੱਟ ਗਿਣਤੀਆਂ ਲਈ ਹਨ। 8 ਫਰਵਰੀ ਨੂੰ 296 ਜਨਰਲ ਸੀਟਾਂ ਲਈ ਚੋਣਾਂ ਹੋਈਆਂ ਸਨ, ਜਦੋਂ ਇਕ ਸੀਟ ‘ਤੇ ਉਮੀਦਵਾਰ ਦੀ ਮੌਤ ਕਾਰਨ ਪੋਲਿੰਗ ਮੁਲਤਵੀ ਕਰ ਦਿੱਤੀ ਗਈ ਸੀ।












