ਡੱਬਵਾਲੀ, 29 ਜਨਵਰੀ 2022 – ਬੀਤੇ ਦਿਨ ਸ਼ੁੱਕਰਵਾਰ ਨੂੰ ਸਿਰਸਾ ਦੇ ਡੱਬਵਾਲੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਰਿਲਾਇੰਸ ਪੈਟਰੋਲ ਪੰਪ ਡੂਮਵਾਲੀ (ਬਠਿੰਡਾ) ਦੇ ਮੁਲਾਜ਼ਮਾਂ ਦੀ ਕੁੱਟਮਾਰ ਕਰਕੇ ਕਰੀਬ 10 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੈਟਰੋਲ ਪੰਪ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੈ। ਥਾਣਾ ਸੰਗਤ ਦੀ ਪੁਲੀਸ ਨੇ ਪੰਪ ਦੇ ਡਿਪਟੀ ਮੈਨੇਜਰ ਅਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲੁੱਟ ਦੀ ਰਕਮ 9,91,500 ਰੁਪਏ ਦੱਸੀ ਗਈ ਹੈ।
ਅਕਾਲੀ ਆਗੂ ਸੁਖਬੀਰ ਬਾਦਲ ਦਾ ਪੈਟਰੋਲ ਪੰਪ ਡੱਬਵਾਲੀ-ਬਠਿੰਡਾ ਰੋਡ ‘ਤੇ ਪਿੰਡ ਡੂਮਵਾਲੀ ਨੇੜੇ ਸਥਿਤ ਹੈ। ਸਵੇਰੇ ਕਰੀਬ 10.30 ਵਜੇ ਸ਼ਿਫਟ ਸੁਪਰਵਾਈਜ਼ਰ ਹਰਸ਼ਪਿੰਦਰਾ ਵਾਸੀ ਪਿੰਡ ਭੁੱਲਰਵਾਲਾ (ਸ਼੍ਰੀ ਮੁਕਤਸਰ ਸਾਹਿਬ), ਹਾਊਸ ਕੀਪਰ ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀ ਪਿੰਡ ਪਥਰਾਲਾ (ਬਠਿੰਡਾ) ਡੱਬਵਾਲੀ ਸਥਿਤ ਐਕਸਿਸ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਮੋਟਰਸਾਈਕਲ ’ਤੇ ਗਿਆ ਸੀ।
ਰਾਜੂ ਬਾਈਕ ਚਲਾ ਰਿਹਾ ਸੀ। ਪਿੱਛੇ ਹਰਸ਼ਪਿੰਦਰ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਬੈਠਾ ਸੀ। ਪੈਟਰੋਲ ਪੰਪ ਤੋਂ ਕਰੀਬ 200 ਮੀਟਰ ਦੀ ਦੂਰੀ ‘ਤੇ ਖੜ੍ਹੇ ਦੋ ਨੌਜਵਾਨਾਂ ਨੇ ਪੰਪ ਦੇ ਕਰਿੰਦਿਆਂ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਉਸ ਕੋਲੋਂ ਬੈਗ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸੰਗਤ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਇਹ ਬੈਗ ਲਸਾੜਾ ਨਾਲੇ ਤੋਂ ਬਰਾਮਦ ਕੀਤਾ ਹੈ।
ਪੰਪ ਦੇ ਡਿਪਟੀ ਮੈਨੇਜਰ ਅਮਨਦੀਪ ਨੇ ਦੱਸਿਆ ਕਿ ਮੈਨੇਜਰ ਰਮਨ ਬਿਮਾਰ ਹੈ। ਉਹ ਅਕਸਰ ਡੱਬਵਾਲੀ ਜਾ ਕੇ ਨਕਦੀ ਜਮ੍ਹਾ ਕਰਵਾਉਣ ਜਾਂਦਾ ਸੀ। ਉਹ ਹਰ ਰੋਜ਼ 10.30 ਵਜੇ ਡੱਬਵਾਲੀ ਜਾਂਦਾ ਸੀ। ਬਿਮਾਰ ਹੋਣ ਕਾਰਨ ਦੋਵਾਂ ਨੂੰ ਨਕਦ ਰਾਸ਼ੀ ਸੌਂਪੀ ਗਈ। 26 ਜਨਵਰੀ ਨੂੰ ਛੁੱਟੀ ਹੋਣ ਕਾਰਨ ਦੋ ਦਿਨ ਦਾ ਕੈਸ਼ ਪੈਂਡਿੰਗ ਸੀ। ਪੁਲੀਸ ਪੰਜ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ ਸੀ। ਅਮਨਦੀਪ ਅਨੁਸਾਰ ਲੁਟੇਰਿਆਂ ਨੇ ਮਫਲਰ ਨਾਲ ਮੂੰਹ ਛੁਪਾਇਆ ਹੋਇਆ ਸੀ।
ਡੱਬਵਾਲੀ ਦੇ ਡੀਐਸਪੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸ਼ੱਕ ਹੈ ਕਿ ਲੁਟੇਰੇ ਹਰਿਆਣਾ ਦੇ ਡੱਬਵਾਲੀ ਵਿੱਚ ਦਾਖ਼ਲ ਹੋਏ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੀ ਭਾਲ ਜਾਰੀ ਹੈ।












