ਕਪੂਰਥਲਾ ‘ਚ ਜਲੰਧਰ ਰੋਡ ‘ਤੇ ਪੀ.ਟੀ.ਯੂ ਦੇ ਕੋਲ ਸਵੇਰੇ ਸਕਾਰਪੀਓ ਕਾਰ ਦੀ ਸੜਕ ‘ਤੇ ਖੜ੍ਹੇ ਟਰੱਕ ਨਾਲ ਟੱਕਰ ਹੋਣ ਕਾਰਨ ਇਕ ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 3 ਹੋਰ ਲੋਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਾਇੰਸ ਸਿਟੀ ਚੌਕੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਕਰਨਾਲ ‘ਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਆਰ.ਸੀ.ਐਫ ਦੇ ਪੰਜ ਜਵਾਨ ਐਤਵਾਰ ਸਵੇਰੇ ਜਲੰਧਰ ਰੋਡ ‘ਤੇ ਹਾਦਸਾਗ੍ਰਸਤ ਹੋ ਗਏ, ਜਿਸ ‘ਚ ਦੋਵਾਂ ਭਰਾਵਾਂ ‘ਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਆਰ.ਸੀ.ਐਫ ਦੇ 5 ਨੌਜਵਾਨ ਦਿਲਪ੍ਰੀਤ ਸਿੰਘ, ਮਨਜਿੰਦਰ ਸਿੰਘ, ਸੁਭਾਸ਼, ਤਰਨਪ੍ਰੀਤ ਸਿੰਘ ਅਤੇ ਬਰਜਿੰਦਰ ਸਿੰਘ ਰਾਤੋ ਰਾਤ ਕਰਨਾਲ ਵਿੱਚ ਇੱਕ ਵਿਆਹ ਸਮਾਗਮ ਤੋਂ ਕਪੂਰਥਲਾ ਪਰਤ ਰਹੇ ਸਨ। ਜਦੋਂ ਉਹ ਐਤਵਾਰ ਸਵੇਰੇ ਪੀ.ਟੀ.ਯੂ ਤੋਂ ਅੱਗੇ ਗਏ ਤਾਂ ਡਰਾਈਵਰ ਵੱਲੋਂ ਝਪਕੀ ਲੈਣ ਕਾਰਨ ਉਸਦੀ ਸਕਾਰਪੀਓ (ਪੀਬੀ-03-ਬੀਐਫ-2626) ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ (ਪੀਬੀ-11-ਬੀਯੂ-4985) ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।
ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਟਰੱਕ ਦਾ ਈਂਧਨ ਖਤਮ ਹੋਣ ਕਾਰਨ ਟਰੱਕ ਚਾਲਕ ਨੇ ਟਰੱਕ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ ਅਤੇ ਕਿਤੇ ਚਲਾ ਗਿਆ। ਜਿਸ ਕਾਰਨ ਦਿਲਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਨਜਿੰਦਰ ਸਿੰਘ ਪੁਲਿਸ ਮੁਲਾਜ਼ਮ ਦੱਸਿਆ ਜਾਂਦਾ ਹੈ। ਜੋ ਆਈਆਰਬੀ ਕੈਂਪ ਜੇਲ੍ਹ ਵਿੱਚ ਤਾਇਨਾਤ ਹੈ।
ਇਨ੍ਹਾਂ ਤੋਂ ਇਲਾਵਾ ਸੁਭਾਸ਼, ਤਰਨਪ੍ਰੀਤ ਸਿੰਘ ਅਤੇ ਬਰਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਹਨ। ਤਰਨਪ੍ਰੀਤ ਸਿੰਘ ਮ੍ਰਿਤਕ ਮਨਜਿੰਦਰ ਸਿੰਘ ਦਾ ਭਰਾ ਦੱਸਿਆ ਜਾਂਦਾ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ‘ਚ ਰਖਵਾਇਆ। ਜਦਕਿ ਤਿੰਨ ਜ਼ਖਮੀ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਇਸ ਗੱਲ ਦੀ ਪੁਸ਼ਟੀ ਸਾਇੰਸ ਸਿਟੀ ਚੌਕੀ ਦੇ ਇੰਚਾਰਜ ਏਐਸਆਈ ਪਾਲ ਸਿੰਘ ਨੇ ਵੀ ਕੀਤੀ ਹੈ।












