ਜਸਵੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਵਾਟਾਂਵਾਲੀ ਖੁਰਦ ਹਾਲ ਨਿਵਾਸੀ ਵੇਈਂ ਇਨਕਲੇਵ ਸੁਲਤਾਨਪੁਰ ਲੋਧੀ ਦੇ ਘਰ ਉਸ ਵੇਲੇ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਉਹਨਾਂ ਨੂੰ ਅਮਰੀਕਾ ਰਹਿੰਦੇ ਆਪਣੇ 33 ਸਾਲਾ ਨੌਜਵਾਨ ਲੜਕੇ ਪਰਗਟ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਮਿਲੀ।
ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਅਤੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਪਰਗਟ ਸਿੰਘ, ਜੋ ਅਜੇ ਕੁਵਾਰਾ ਸੀ, ਰੋਟੀ ਰੋਜੀ ਕਮਾਉਣ ਲਈ ਮਾਰਚ 2016 ਵਿੱਚ ਕੈਲੀਫੋਰਨੀਆ, ਅਮਰੀਕਾ ਦੇ ਸ਼ਹਿਰ ਸਟੋਕ ਟੋਨ ਗਿਆ ਸੀ। ਉਹਨਾਂ ਦੱਸਿਆ ਕਿ ਪ੍ਰਗਟ ਸਿੰਘ ਦੇ ਸਾਥੀਆਂ ਨੇ ਉਹਨਾਂ ਨੂੰ ਫੋਨ ਕਰਕੇ ਉਸਦੇ ਮੌਤ ਦੀ ਖਬਰ ਦੱਸੀ। ਉਹਨਾਂ ਦੱਸਿਆ ਕਿ ਪਰਗਟ ਸਿੰਘ ਅਮਰੀਕਾ ਵਿੱਚ ਟਰਾਲਾ ਚਲਾਉਂਦਾ ਸੀ ਜਿਸ ਨੇ ਪੀ ਆਰ ਹੋਣ ਲਈ ਆਪਣੀ ਫਾਈਲ ਲਗਾਈ ਹੋਈ ਸੀ ਅਤੇ ਉਹ ਜਲਦੀ ਹੀ ਪੀ ਆਰ ਹੋਣ ਵਾਲਾ ਸੀ।
ਉਹਨਾਂ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਮਿਲ ਕੇ ਪ੍ਰਗਟ ਸਿੰਘ ਦੀ ਲਾਸ਼ ਭਾਰਤ ਲਿਆਉਣ ਦੀ ਬੇਨਤੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੂੰ ਆਪਣੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦਾ ਸੰਤ ਸੀਚੇਵਾਲ ਵੱਲੋਂ ਭਰੋਸਾ ਦਵਾਇਆ ਗਿਆ ਹੈ। ਉਹਾ ਕੇਂਦਰ ਸਰਕਾਰ ਤੋਂ ਵੀ ਇਸ ਕਾਰਜ ਵਿੱਚ ਮਦਦ ਦੀ ਗੁਹਾਰ ਲਗਾਈ ਅਤੇ ਦੱਸਿਆ ਕਿ ਪ੍ਰਗਟ ਸਿੰਘ ਦੀ ਮੌਤ ਨਾਲ ਪਰਿਵਾਰ ਸਮੇਤ ਉਸ ਦੀ ਮਾਤਾ ਕੁਲਦੀਪ ਕੌਰ ਬਹੁਤ ਵੱਡੇ ਸਦਮੇ ਵਿੱਚ ਹਨ। ਇਸ ਮੌਕੇ ਪ੍ਰਗਟ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਲਦੀਪ ਸਿੰਘ, ਸਾਬਕਾ ਨਾਇਬ ਸੂਬੇਦਾਰ ਜੋਗਿੰਦਰ ਸਿੰਘ ਟਿੱਬਾ ਆਦਿ ਵੀ ਹਾਜਰ ਸਨ। ਪ੍ਰਗਟ ਸਿੰਘ ਦੀ ਬੇਵਕਤ ਮੌਤ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਜਰਨੈਲ ਸਿੰਘ ਚੰਦੀ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।












