ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰ ਜਰਨੈਲ ਸਿੰਘ ਉਰਫ਼ ਰਾਣਾ ਮਨਸੂਰਪੁਰੀਆ ਦੀ ਗੋਲੀ ਨਾਲ ਮਰਨ ਵਾਲੇ ਸੀਆਈਏ ਪੁਲਿਸ ਸਟਾਫ਼ ਦੇ ਕਾਂਸਟੇਬਲ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਉਹਨਾਂ ਦੇ ਜੱਦੀ ਪਿੰਡ ਜੰਡੌਰ ਪੁੱਜੇ। ਜਿੱਥੇ ਉਨ੍ਹਾਂ ਨੇ ਕਾਂਸਟੇਬਲ ਦੇ ਪਿਤਾ,-ਮਾਤਾ ਅਤੇ ਪਤਨੀ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ। ਸੀਐਮ ਮਾਨ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਸਰਕਾਰ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਇੱਕ ਬਹਾਦਰ ਸਿਪਾਹੀ ਸੀ ਜਿਸ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਦੌਰਾਨ ਅੰਮ੍ਰਿਤਪਾਲ ਦੇ ਨਾਂ ’ਤੇ ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ ਗਿਆ। ਸੀਨੀਅਰ ਕਾਂਸਟੇਬਲ ਦਾ ਕਤਲ ਕਰਨ ਵਾਲੇ ਗੈਂਗਸਟਰ ਜਰਨੈਲ ਸਿੰਘ ਉਰਫ਼ ਰਾਣਾ ਮਨਸੂਰਪੁਰੀਆ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ। ਉਸ ਨੇ ਪਿਛਲੇ ਐਤਵਾਰ (17 ਮਾਰਚ) ਨੂੰ ਮੁਕੇਰੀਆਂ ਵਿੱਚ ਇੱਕ ਮੁਕਾਬਲੇ ਦੌਰਾਨ ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਹ ਫਰਾਰ ਹੋ ਗਿਆ। ਸੋਮਵਾਰ ਸਵੇਰੇ ਪੈਟਰੋਲ ਪੰਪ ‘ਤੇ ਮੋਟਰਸਾਈਕਲ ‘ਤੇ ਪੈਟਰੋਲ ਭਰਦੇ ਸਮੇਂ ਕੁਝ ਲੋਕਾਂ ਨੇ ਇਹ ਦੇਖਿਆ।
ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕੀਤਾ ਅਤੇ ਹੁਸ਼ਿਆਰਪੁਰ ਦੇ ਭੰਗਾਲਾ ਵਿਖੇ ਇੱਕ ਸੁੰਨਸਾਨ ਜਗ੍ਹਾ ‘ਤੇ ਉਸਦਾ ਸਾਹਮਣਾ ਕੀਤਾ ਗਿਆ। ਜਿੱਥੇ ਅਜੇ ਵੀ ਪੁਲਿਸ ਫੋਰਸ ਤਾਇਨਾਤ ਹੈ। ਸੀਨੀਅਰ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਸੋਮਵਾਰ ਨੂੰ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਸੀਨੀਅਰ ਕਾਂਸਟੇਬਲ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਵੇਗੀ। ਐਸਐਸਪੀ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਵਿਭਾਗ ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਵੀ ਦੇਵੇਗਾ। ਉਨ੍ਹਾਂ ਕਿਹਾ ਕਿ ਸੀਨੀਅਰ ਕਾਂਸਟੇਬਲ ਦਾ ਚਲੇ ਜਾਣਾ ਵਿਭਾਗ ਲਈ ਵੱਡਾ ਘਾਟਾ ਹੈ।












