ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਤਾਪਸੀ ਦੁਲਹਨ ਦੇ ਪਹਿਰਾਵੇ ‘ਚ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵੀਡੀਓ ਉਸ ਦੇ ਮੈਥਿਆਸ ਬੋ ਨਾਲ ਗੁਪਤ ਵਿਆਹ ਦਾ ਹੈ।
ਦੱਸ ਦਈਏ ਕਿ ਵੀਡੀਓ ‘ਚ ਤਾਪਸੀ ਨੇ ਲਾਲ ਸੂਟ ਅਤੇ ਭਾਰੀ ਗਹਿਣੇ ਪਾਏ ਹੋਏ ਹਨ ਅਤੇ ਸਟੇਜ ‘ਤੇ ਖੜ੍ਹੇ ਮੈਥਿਆਸ ਵੱਲ ਹੌਲੀ-ਹੌਲੀ ਡਾਂਸ ਕਰ ਰਹੀ ਹੈ। ਮਥਿਆਸ ਵੀ ਸ਼ੇਰਵਾਨੀ ਅਤੇ ਪੱਗ ਪਹਿਨੇ ਨਜ਼ਰ ਆ ਰਹੇ ਹਨ।ਦੋਵੇਂ ਮਾਲਾ ਪਾਉਣ ਤੋਂ ਬਾਅਦ ਇੱਕ ਦੂਜੇ ਨੂੰ ਗਲੇ ਲਗਾਉਂਦੇ ਵੀ ਨਜ਼ਰ ਆ ਰਹੇ ਹਨ। ਹਾਲਾਂਕਿ ਹੁਣ ਤੱਕ ਜੋੜੇ ਵੱਲੋਂ ਵਿਆਹ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਇਸਤੋਂ ਇਲਾਵਾ ਕੁਝ ਦਿਨ ਪਹਿਲਾਂ, ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਤਾਪਸੀ ਨੇ 23 ਮਾਰਚ ਨੂੰ ਉਦੈਪੁਰ ਵਿੱਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥਿਆਸ ਨਾਲ ਵਿਆਹ ਕੀਤਾ ਸੀ।
36 ਸਾਲ ਦੀ ਤਾਪਸੀ ਪਿਛਲੇ 10 ਸਾਲਾਂ ਤੋਂ 43 ਸਾਲ ਦੇ ਮੈਥਿਆਸ ਬੋ ਨੂੰ ਡੇਟ ਕਰ ਰਹੀ ਸੀ। ਹਾਲਾਂਕਿ, ਉਨ੍ਹਾਂ ਨੇ ਹਮੇਸ਼ਾ ਆਪਣੇ ਰਿਸ਼ਤੇ ਨੂੰ ਲਾਈਮਲਾਈਟ ਤੋਂ ਦੂਰ ਰੱਖਿਆ। ਕੁਝ ਸਮਾਂ ਪਹਿਲਾਂ ਤਾਪਸੀ ਨੇ ਮੈਥਿਆਸ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਜਦੋਂ ਉਸ ਨੇ ਆਪਣੀ ਪਹਿਲੀ ਬੌਲੀਵੁੱਡ ਫਿਲਮ ‘ਚਸ਼ਮੇ ਬਦੂਰ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ ਤਾਂ ਉਹ ਉਸ ਨੂੰ ਮਿਲੀ ਸੀ।
43 ਸਾਲਾ ਮੈਥਿਆਸ ਬੋ ਡੈਨਿਸ਼ ਬੈਡਮਿੰਟਨ ਖਿਡਾਰੀ ਹੈ। ਉਹ ਓਲੰਪਿਕ ਤਮਗਾ ਜੇਤੂ ਰਿਹਾ ਹੈ। ਮੈਥਿਆਸ ਨੇ ਸਾਲ 2020 ਵਿੱਚ ਬੈਡਮਿੰਟਨ ਤੋਂ ਸੰਨਿਆਸ ਲੈ ਲਿਆ ਸੀ।
ਤਾਪਸੀ ਪਿਛਲੇ ਸਾਲ ਸ਼ਾਹਰੁਖ ਖਾਨ ਨਾਲ ਫਿਲਮ ‘ਡੰਕੀ’ ‘ਚ ਨਜ਼ਰ ਆਈ ਸੀ। ਉਨ੍ਹਾਂ ਨੇ ਸਾਲ 2013 ‘ਚ ‘ਚਸ਼ਮੇ ਬਦੂਰ’ ਨਾਲ ਬੌਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ‘ਜੁੜਵਾ 2’, ‘ਬਦਲਾ’, ‘ਨਾਮ ਸ਼ਬਾਨਾ’, ‘ਪਿੰਕ’ ਅਤੇ ‘ਸ਼ਾਬਾਸ਼ ਮਿੱਠੂ’ ਵਰਗੀਆਂ ਕਈ ਫਿਲਮਾਂ ‘ਚ ਨਜ਼ਰ ਆਏ।











