ਮੋਹਾਲੀ, 9 ਮਈ 2024 – ਮੋਹਾਲੀ ਸਪੈਸ਼ਲ ਸੈੱਲ ਤੇ ਗੈਂਗਸਟਰਾਂ ਵਿਚਾਲੇ ਮੁੱਲਾਂਪੁਰ ਨੇੜੇ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ, ਬਾਊਂਸਰ ਮਨੀਸ਼ ਕੁਮਾਰ ਦੇ ਕਥਿਤ ਕਾਤਲ ਗੈਂਗਸਟਰਾਂ ਤੇ ਸਪੈਸ਼ਲ ਸੈੱਲ ਵਿਚਾਲੇ ਐਨਕਾਊਂਟਰ ਵਿਚ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ। ਗੈਂਗਸਟਰਾਂ ਨੇ ਪਹਿਲਾਂ ਪੁਲਿਸ ਤੇ ਫਾਈਰਿੰਗ ਕੀਤੀ, ਫਿਰ ਜਵਾਬੀ ਫਾਈਰਿੰਗ ਵਿਚ ਗੈਂਗਸਟਰ ਜ਼ਖਮੀ ਹੋ ਗਏ।
ਪੁਲਿਸ ਨੇ ਮੁਕਾਬਲੇ ਤੋਂ ਬਾਅਦ ਜ਼ਖਮੀ ਗੈਂਗਸਟਰਾਂ ਵਿਕਰਮ ਰਾਣਾ ਉਰਫ ਹੈਪੀ ਅਤੇ ਕਿਰਨ ਸਿੰਘ ਉਰਫ ਧਨੁਆ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ‘ਤੇ ਮਨੀਸ਼ ਕੁਮਾਰ ਉਰਫ਼ ਮਨੀ ਰਾਣਾ ਵਾਸੀ ਤੂਰ ਪਿੰਡ, ਖਰੜ, ਮੁਹਾਲੀ ਦੇ ਕਤਲ ਕੇਸ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ ਖਿਲਾਫ ਥਾਣਾ ਸਦਰ ਖਰੜ ਵਿਖੇ ਮੁਕੱਦਮਾ ਨੰਬਰ 120/2024 ਅਧੀਨ 302, 34 ਆਈਪੀਸੀ ਅਤੇ 25-54-59 ਅਸਲਾ ਐਕਟ ਦਰਜ ਕੀਤਾ ਗਿਆ ਸੀ।
ਖਰੜ ਦੇ ਚੰਦੋ ਪਿੰਡ ਵਿੱਚ ਮੰਗਲਵਾਰ ਨੂੰ ਦਿਨ ਦਿਹਾੜੇ ਦੋ ਹਮਲਾਵਰਾਂ ਨੇ ਮਨੀਸ਼ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਮੁਤਾਬਕ ਇਹ ਹਮਲਾ ਬਾਊਂਸਰਾਂ ਦੇ ਦੋ ਗਰੁੱਪਾਂ ਵਿਚਾਲੇ ਚੱਲ ਰਹੇ ਗੈਂਗ ਟਕਰਾਅ ਦਾ ਨਤੀਜਾ ਸੀ। ਦਵਿੰਦਰ ਬੰਬੀਹਾ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।









