ਪੰਜਾਬ ‘ਚ ਕਾਂਗਰਸ ਨੇ 8 ਲੋਕ ਸਭਾ ਸੀਟਾਂ ‘ਤੇ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤੇ ਹਨ ਤਾਂ ਜੋ ਚੋਣਾਂ ਦੇ ਬਿਹਤਰ ਤਾਲਮੇਲ ਅਤੇ ਪ੍ਰਬੰਧ ਲਈ ਕੰਮ ਕੀਤਾ ਜਾ ਸਕੇ।

ਪਾਰਟੀ ਆਗੂ ਮਨਿਕਮ ਟੈਗੋਰ ਨੂੰ ਪਟਿਆਲਾ, ਗਿਰੀਸ਼ ਚੋਡਣਕਰ ਨੂੰ ਜਲੰਧਰ, ਜੀਤੂ ਪਟਵਾਰੀ ਨੂੰ ਹੁਸ਼ਿਆਰਪੁਰ, ਮੱਲੂ ਭੱਟੀ ਵਿਕਰਮਮਾਰਕ ਨੂੰ ਫਰੀਦਕੋਟ, ਕੇਜੇ ਜਾਰਜ ਨੂੰ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ, ਨਿਤਿਨ ਰਾਉਤ ਨੂੰ ਫ਼ਿਰੋਜ਼ਪੁਰ ਅਤੇ ਸੁਨੀਲ ਕੇਦਾਰ ਨੂੰ ਫ਼ਤਹਿਗੜ੍ਹ ਸਾਹਿਬ ਲਈ ਵਿਸ਼ੇਸ਼ ਨਿਗਰਾਨ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ- ਕਾਂਗਰਸ ਪ੍ਰਧਾਨ ਨੇ ਲੋਕ ਸਭਾ ਚੋਣਾਂ ਦੇ ਬਿਹਤਰ ਤਾਲਮੇਲ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਨਿਯੁਕਤ ਕੀਤੇ ਅਬਜ਼ਰਵਰਾਂ ਤੋਂ ਇਲਾਵਾ ਪੰਜਾਬ ਵਿੱਚ ਸੰਸਦੀ ਹਲਕਿਆਂ ਲਈ ਵਿਸ਼ੇਸ਼ ਅਬਜ਼ਰਵਰ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।











