ਚੰਡੀਗੜ੍ਹ (ਸ਼ਿਕਸ਼ਾ ਕਨੌਜੀਆ): ਪੰਜਾਬ ਵਿਧਾਨ ਸਭਾ ਚੋਣਾਂ ‘ਚ ਕੁੱਝ ਹੀ ਸਮਾਂ ਰਹਿ ਗਿਆ ਹੈ। ਅੱਜ (ਬੁੱਧਵਾਰ) ਤੋਂ 18 ਦਿਨ ਬਾਅਦ ਯਾਨੀ ਕੇ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਹੋਵੇ ਜਾ ਕਾਂਗਰਸ ਹਰ ਕਿਸੇ ਦੇ ਵੱਡੇ ਆਗੂ ਪੰਜਾਬ ਫੇਰੀ ‘ਤੇ ਲਗਾਤਾਰ ਆ ਰਹੇ ਹਨ। ਜੇਕਰ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਹਾਲੇ ਤੱਕ ਇੱਥੇ ਕੋਈ ਵੱਡਾ ਚਿਹਰਾ ਪ੍ਰਚਾਰ ਲਈ ਨਹੀਂ ਪਹੁੰਚਿਆ ਹੈ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਸੂਬੇ ‘ਚ ਆਏ ਸਨ ਪਰ ਸੁਰੱਖਿਆ ਮਾਮਲੇ ਨੂੰ ਲੈ ਕੇ ਉਹ ਵਾਪਸ ਦਿੱਲੀ ਪਰਤ ਗਏ।

ਪੰਜਾਬ ਤੋਂ ਅਜੇ ਵੀ ਗਾਇਬ ਹਨ ਸੰਨੀ ਦਿਓਲ
ਹਾਲਾਂਕਿ ਹੈਰਾਨੀ ਵਾਲੀ ਵੱਡੀ ਗੱਲ ਇਹ ਹੈ ਕਿ ਪਾਰਟੀ ਦੇ ਗੁਰਦਸਪੁਰ ਤੋਂ ਸੰਸਦ ਮੈਂਬਰ ਤੇ ਅਭਿਨੇਤਾ ਸੰਨੀ ਦਿਓਲ ਹਾਲੇ ਤੱਕ ਇਸ ਪ੍ਰਚਾਰ ਦਾ ਹਿੱਸਾ ਨਹੀਂ ਬਣ ਰਹੇ ਹਨ। ਜਦਕਿ ਭਾਜਪਾ ਕੋਲ ਸੂਬੇ ‘ਚ ਹੀ ਇਕ ਵੱਡਾ ਚਿਹਰਾ ਸਟਾਰ ਪ੍ਰਚਾਰਕ ਦੇ ਤੌਰ ‘ਤੇ ਮੌਜੂਦ ਹੈ। ਲੋਕਸਭਾ ਚੋਣਾਂ ‘ਚ ਸੰਨੀ ਦਿਓਲ ਨੂੰ ਪਾਰਟੀ ‘ਚ ਲਿਆਉਣ ਨਾਲ ਭਾਜਪਾ ਨੂੰ ਕਾਫੀ ਫਾਇਦਾ ਮਿਲਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਕਾਂਗਰਸ ਕੈਂਡੀਡੇਟ ਤੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਵੀ ਹਰਾ ਦਿੱਤਾ ਸੀ ਪਰ ਹੁਣ ਇਸ ਵਾਰ ਦੀਆਂ ਵਿਧਾਨਸਭਾ ਚੋਣਾਂ ‘ਚ ਹਾਲੇ ਤੱਕ ਸਨੀ ਦਿਓਲ ਦਾ ਕੋਈ ਜ਼ਿਕਰ ਨਹੀਂ ਹੋ ਰਿਹਾ ਹੈ। ਪੰਜਾਬ ਆਉਣਾ ਤਾ ਦੂਰ ਉਨ੍ਹਾਂ ਵਲੋਂ ਇਸ ਬਾਰੇ ਸੋਸ਼ਲ ਮੀਡੀਆ ‘ਤੇ ਵੀ ਕੋਈ ਪੋਸਟ ਨਹੀਂ ਪਾਈ ਗਈ ਹੈ।

ਬਿਮਾਰ ਹੋਣ ਕਰਕੇ ਚੋਣਾਂ ਦਾ ਹਿੱਸਾ ਨਹੀਂ ਬਣ ਰਹੇ ਸਨੀ
ਮੀਡਿਆ ਰਿਪੋਰਟਾਂ ਮੁਤਾਬਕ ਉਹ ਇਨ੍ਹੀਂ ਦਿਨੀਂ ਬਿਮਾਰ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਜਿਸ ਕਾਰਨ ਪਾਰਟੀ ਉਮੀਦਵਾਰਾਂ ਵਿੱਚ ਪ੍ਰਚਾਰ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਸੰਨੀ ਇਸ ਤੋਂ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਉਮੀਦਵਾਰਾਂ ਦੇ ਪ੍ਰਚਾਰ ਲਈ ਵੀ ਨਹੀਂ ਪਹੁੰਚੇ ਸਨ ।

ਪੰਜਾਬ ਦੇ ਲੋਕਾਂ ਨਾਲ ਗੂੜਾ ਰਿਸ਼ਤਾ ਮਹਿਸੂਸ ਕਰਦਾ ਹੈ ਦਿਓਲ ਪਰਿਵਾਰ
ਅਭਿਨੇਤਾ ਸੰਨੀ ਦਿਓਲ ਧਰਮਿੰਦਰ ਦਿਓਲ ਦੇ ਬੇਟੇ ਹਨ। ਧਰਮਿੰਦਰ ਪੰਜਾਬ ਦੇ ਸਾਹਨੇਵਾਲ ਦੇ ਰਹਿਣ ਵਾਲੇ ਹਨ ਤੇ ਮੁੰਬਈ ਜਾਣ ਤੋਂ ਬਾਅਦ ਵੀ ਉਨ੍ਹਾਂ ਉੱਥੇ ਵੀ ਆਪਣੇ ਤੇ ਆਪਣੇ ਬੱਚਿਆਂ ਦੇ ਦਿਲ ‘ਚ ਪੰਜਾਬ ਨੂੰ ਜ਼ਿੰਦਾ ਰੱਖਿਆ ਹੈ। ਉਹ ਮੌਕਾ ਮਿਲਣ ‘ਤੇ ਪੰਜਾਬ ਵੀ ਆਉਂਦੇ ਰਹਿੰਦੇ ਹਨ। 2019 ‘ਚ ਜਦੋਂ ਭਾਜਪਾ ਵੱਲੋਂ ਸੰਨੀ ਦਿਓਲ ਨੂੰ ਮੈਦਾਨ ‘ਚ ਉਤਾਰਿਆ ਗਿਆ ਤਾਂ ਲੋਕਾਂ ਨੇ ਵੋਟਾਂ ਦੇ ਰੂਪ ‘ਚ ਢੇਰ ਸਾਰਾ ਪਿਆਰ ਦੇਕੇ ਉਨ੍ਹਾਂ ਨੂੰ ਜਿਤਾਇਆ।

ਸਨੀ ਦਿਓਲ ਦੇ ਪੰਜਾਬ ਨਾ ਆਉਣ ਕਾਰਨ ਭਾਜਪਾ ਨੂੰ ਹੋ ਸਕਦਾ ਨੁਕਸਾਨ
ਸਨੀ ਦਿਓਲ ਦੇ ਪੰਜਾਬ ਤੋਂ ਗਾਇਬ ਰਹਿਣ ਦੀ ਚਰਚਾ ਹਰ ਥਾਂ ਹੈ। ਵਿਰੋਧੀਆਂ ਵੱਲੋਂ ਲਗਾਤਾਰ ਭਾਜਪਾ ਨੂੰ ਇਸ ਗੱਲ ‘ਤੇ ਅੜਿਕੇ ਲਿਆ ਜਾ ਰਿਹਾ ਹੈ। ਉੱਥੇ ਹੀ ਪਾਰਟੀ ਵਰਕਰਾਂ ‘ਚ ਵੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਇਸ ਦਾ ਖਮਿਆਜ਼ਾ ਭਾਜਪਾ ਨੂੰ ਪੂਰੇ ਪੰਜਾਬ ਵਿਚ ਭੁਗਤਣਾ ਪੈ ਸਕਦਾ ਹੈ ਅਤੇ ਇਸ ਦਾ ਉਲਟਾ ਅਸਰ ਭਾਜਪਾ ਦੀਆਂ ਸੀਟਾਂ ‘ਤੇ ਪਵੇਗਾ।












