ਲੁਧਿਆਣਾ: ਪੰਜਾਬ ਦੇ ਸਿਆਸੀ ਲੀਡਰ ਸਿਆਸਤ ਦੇ ਨਾਲ-ਨਾਲ ਹੋਰ ਵੀ ਕਈ ਸ਼ੋਕ ਰੱਖਦੇ ਹਨ। ਜਿਸ ‘ਚ ਲੀਡਰਾਂ ਦੀ ਸਭ ਤੋਂ ਪਹਿਲੀ ਪਸੰਦ ਗੋਲਡ ਹੈ। ਗੱਲ ਕੀਤੀ ਜਾਵੇ ਲੁਧਿਆਣਾ ਹਲਕੇ ਦੀ ਤਾਂ ਇੱਥੇ ਸਭ ਤੋਂ ਅੱਗੇ ਵਿਧਾਇਕ ਸੁਰਿੰਦਰ ਡਾਬਰ ਹਨ। ਉਨ੍ਹਾਂ ਕੋਲ ਆਪਣੀ ਪਤਨੀ ਨਾਲੋਂ ਜ਼ਿਆਦਾ ਗਹਿਣੇ ਹਨ। ਇਸ ਤੋਂ ਇਲਾਵਾ ਹਲਕਾ ਪੱਛਮ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਗੋਗੀ ਦੂਜੇ ਨੰਬਰ ‘ਤੇ ਆਏ ਹਨ। ਗੋਗੀ ਜੋੜਾ 24 ਕੈਰੇਟ ਸੋਨੇ ਦਾ ਸਭ ਤੋਂ ਸ਼ੌਕੀਨ ਹੈ। ਦੋਵਾਂ ਕੋਲ 24 ਕੈਰੇਟ ਸੋਨਾ ਹੈ ਜਿਸ ਦੀ ਕੀਮਤ 1.05 ਕਰੋੜ ਰੁਪਏ ਹੈ।
ਹਲਕਾ ਕੇਂਦਰੀ ਤੋਂ ਵਿਧਾਇਕ ਸੁਰਿੰਦਰ ਡਾਬਰ ਨੇ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਦੱਸਿਆ ਹੈ ਕਿ ਉਨ੍ਹਾਂ ਕੋਲ 88.51 ਲੱਖ ਰੁਪਏ ਦੀ ਕੀਮਤ ਦੇ 1788 ਗ੍ਰਾਮ ਸੋਨੇ ਦੇ ਗਹਿਣੇ ਹਨ। ਇਸ ਤੋਂ ਇਲਾਵਾ ਉਸ ਕੋਲ 27.75 ਕਿਲੋ ਚਾਂਦੀ ਹੈ, ਜਿਸ ਦੀ ਕੀਮਤ 19 ਲੱਖ ਰੁਪਏ ਦੱਸੀ ਜਾਂਦੀ ਹੈ। ਜੇਕਰ ਉਨ੍ਹਾਂ ਦੀ ਪਤਨੀ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 1558 ਗ੍ਰਾਮ ਸੋਨਾ ਹੈ, ਜਿਸ ਦੀ ਕੀਮਤ 77.14 ਲੱਖ ਰੁਪਏ ਅਤੇ 18.350 ਕਿਲੋ ਚਾਂਦੀ ਹੈ, ਜਿਸ ਦੀ ਕੀਮਤ 12.57 ਲੱਖ ਰੁਪਏ ਬਣਦੀ ਹੈ। ਇੱਥੇ ਕੁੱਲ 3.35 ਕਿਲੋ ਸੋਨਾ ਹੈ, ਜਿਸ ਦੀ ਕੀਮਤ ਕਰੀਬ 1.65 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਇਸ ਜੋੜੇ ਕੋਲ 46.10 ਕਿਲੋ ਚਾਂਦੀ ਹੈ, ਜਿਸ ਦੀ ਕੀਮਤ ਕਰੀਬ 31.57 ਲੱਖ ਰੁਪਏ ਹੈ।
ਗੁਰਪ੍ਰੀਤ ਗੋਗੀ ਕੋਲ 80 ਗ੍ਰਾਮ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਕੀਮਤ 3.36 ਲੱਖ ਰੁਪਏ ਹੈ। ਇਸ ਦੇ ਨਾਲ ਹੀ ਉਸ ਕੋਲ 1020 ਗ੍ਰਾਮ 24 ਕੈਰੇਟ ਸੋਨਾ ਹੈ, ਜਿਸ ਦੀ ਕੀਮਤ 50.46 ਲੱਖ ਰੁਪਏ ਹੈ। ਇਸੇ ਤਰ੍ਹਾਂ ਉਸ ਦੀ ਪਤਨੀ ਕੋਲ 250 ਗ੍ਰਾਮ ਗਹਿਣੇ (ਕੀਮਤ 10.50 ਲੱਖ ਰੁਪਏ) ਹਨ। ਇਸ ਤੋਂ ਇਲਾਵਾ 44.60 ਲੱਖ ਰੁਪਏ ਦੀ ਕੀਮਤ ਦਾ 902 ਗ੍ਰਾਮ 24 ਕੈਰੇਟ ਸੋਨਾ ਵੀ ਹੈ। ਕੁੱਲ ਮਿਲਾ ਕੇ ਗੋਗੀ ਜੋੜੇ ਕੋਲ 2.25 ਕਿਲੋ ਸੋਨਾ ਹੈ, ਜਿਸ ਦੀ ਕੀਮਤ ਕਰੀਬ 1.09 ਕਰੋੜ ਰੁਪਏ ਹੈ।












