1997 ‘ਚ ਰਿਲੀਜ਼ ਹੋਈ ਮਲਟੀਸਟਾਰਰ ਫਿਲਮ ਬਾਰਡਰ ਕਾਫੀ ਹਿੱਟ ਰਹੀ ਸੀ, ਇਸ ਦੀ ਸੀਕਵਲ ਫਿਲਮ ਬਾਰਡਰ 2 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਫਿਲਮ ‘ਚ ਸੰਨੀ ਦਿਓਲ ਦੇ ਨਾਲ ਆਯੁਸ਼ਮਾਨ ਖੁਰਾਨਾ ਦੇ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਪਰ ਤਾਜ਼ਾ ਖਬਰਾਂ ਮੁਤਾਬਕ ਆਯੁਸ਼ਮਾਨ ਖੁਰਾਨਾ ਨੇ ਫਿਲਮ ਛੱਡਣ ਦਾ ਫੈਸਲਾ ਕਰ ਲਿਆ ਹੈ।
ਦੱਸ ਦਈਏ ਮਿਡ-ਡੇਅ ਦੀ ਤਾਜ਼ਾ ਰਿਪੋਰਟ ਅਨੁਸਾਰ ਆਯੁਸ਼ਮਾਨ ਖੁਰਾਨਾ ਹੁਣ ਸੰਨੀ ਦਿਓਲ ਨਾਲ ਬਾਰਡਰ 2 ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਹਨ। ਫਿਲਮ ‘ਚ ਆਯੁਸ਼ਮਾਨ ਖੁਰਾਨਾ ਨੂੰ ਫੌਜ ਦੇ ਸਿਪਾਹੀ ਦਾ ਰੋਲ ਦਿੱਤਾ ਗਿਆ ਸੀ। ਆਯੁਸ਼ਮਾਨ ਖੁਰਾਨਾ ਅਤੇ ਬਾਰਡਰ 2 ਦੇ ਨਿਰਮਾਤਾ ਇਸ ਸਹਿਯੋਗ ਤੋਂ ਬਹੁਤ ਖੁਸ਼ ਸਨ। ਹਾਲਾਂਕਿ, ਸਮੇਂ ਦੇ ਨਾਲ, ਆਯੁਸ਼ਮਾਨ ਖੁਰਾਨਾ ਨੂੰ ਸੰਨੀ ਦਿਓਲ ਨਾਲ ਸਹਾਇਕ ਭੂਮਿਕਾ ਨਿਭਾਉਣ ਬਾਰੇ ਸ਼ੱਕ ਹੋਣ ਲੱਗਾ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਫਿਲਮ ਛੱਡਣ ਦਾ ਫੈਸਲਾ ਕੀਤਾ ਹੈ।
ਇਸਤੋਂ ਇਲਾਵਾ ਖਬਰਾਂ ਇਹ ਵੀ ਹਨ ਕਿ ਆਯੁਸ਼ਮਾਨ ਖੁਰਾਨਾ ਦੇ ਫਿਲਮ ਤੋਂ ਹਟਣ ਤੋਂ ਬਾਅਦ ਹੁਣ ਉਨ੍ਹਾਂ ਦੀ ਜਗ੍ਹਾ ਦਿਲਜੀਤ ਦੋਸਾਂਝ ਨੂੰ ਦਿੱਤੀ ਜਾ ਸਕਦੀ ਹੈ। ਦਿਲਜੀਤ ਦੋਸਾਂਝ ਨੂੰ ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਇੱਕ ਪੇਸ਼ਕਸ਼ ਮਿਲੀ ਹੈ।
ਅਭਿਨੇਤਾ ਸੰਨੀ ਦਿਓਲ ਨੇ ਫਿਲਮ ਬਾਰਡਰ ਦੀ 27ਵੀਂ ਵਰ੍ਹੇਗੰਢ ‘ਤੇ ਜੂਨ 2024 ਵਿੱਚ ਬਾਰਡਰ 2 ਦਾ ਐਲਾਨ ਕੀਤਾ ਸੀ। ਪੋਸਟ ‘ਚ ਉਨ੍ਹਾਂ ਲਿਖਿਆ, ਇਕ ਸਿਪਾਹੀ ਆਪਣਾ 27 ਸਾਲ ਪੁਰਾਣਾ ਵਾਅਦਾ ਪੂਰਾ ਕਰਨ ਲਈ ਫਿਰ ਆ ਰਿਹਾ ਹੈ।
ਸੰਨੀ ਦਿਓਲ ਨੇ ਦੱਸਿਆ ਕਿ ਫਿਲਮ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ, ਜਦਕਿ ਅਨੁਰਾਗ ਸਿੰਘ ਇਸ ਨੂੰ ਡਾਇਰੈਕਟ ਕਰਨਗੇ।
ਜ਼ਿਕਰਯੋਗ ਹੈ ਕਿ ਸਾਲ 1997 ਵਿੱਚ ਰਿਲੀਜ਼ ਹੋਈ ਬਾਰਡਰ ਬਲਾਕਬਸਟਰ ਸਾਬਤ ਹੋਈ ਸੀ। ਜੇਪੀ ਦੱਤਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਭਾਰਤ-ਪਾਕਿ ਜੰਗ ‘ਤੇ ਆਧਾਰਿਤ ਸੀ। ਇਸ ਫਿਲਮ ‘ਚ ਸੰਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ, ਅਕਸ਼ੈ ਖੰਨਾ, ਪੁਨੀਤ ਈਸਰ ਵਰਗੇ ਕਈ ਵੱਡੇ ਕਲਾਕਾਰ ਸਨ। 10 ਕਰੋੜ ਰੁਪਏ ਦੇ ਬਜਟ ‘ਚ ਬਣੀ ਇਸ ਫਿਲਮ ਨੇ 1997 ‘ਚ ਬਾਕਸ ਆਫਿਸ ‘ਤੇ 65 ਕਰੋੜ ਰੁਪਏ ਦਾ ਜ਼ਬਰਦਸਤ ਕਲੈਕਸ਼ਨ ਕੀਤਾ ਸੀ।












