ਪੈਰਿਸ ਓਲੰਪਿਕ 2024 ਨੂੰ ਲੈ ਕੇ ਇਕ ਤੋਂ ਬਾਅਦ ਇਕ ਵਿਵਾਦ ਹੋ ਰਹੇ ਹਨ। ਮੌਜੂਦਾ ਪੈਰਿਸ ਓਲੰਪਿਕ 2024 ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਅਮਰੀਕੀ ਐਥਲੀਟ Nyjah Huston ਨੇ ਅਜਿਹਾ ਹੀ ਦੋਸ਼ ਲਗਾਇਆ ਹੈ ਕਿ ਉਸ ਨੂੰ ਮਿਲਿਆ ਤਮਗਾ ਬੇਰੰਗ ਅਤੇ ਖ਼ਰਾਬ ਹੋਣ ਲੱਗਾ ਹੈ। ਪੈਰਿਸ 2024 ਵਿਚ ਯੂਐਸਏ ਸਕੇਟਬੋਰਡ ਟੀਮ ਦੇ ਮੈਂਬਰ, ਨਾਈਜਾ ਨੇ ਓਲੰਪਿਕ ਮੈਡਲਾਂ ਦੀ ਗੁਣਵੱਤਾ ‘ਤੇ ਚਿੰਤਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਇਸ 29 ਸਾਲਾ ਖਿਡਾਰੀ ਨੇ 30 ਜੁਲਾਈ ਨੂੰ ਪੁਰਸ਼ਾਂ ਦੀ ਸਟ੍ਰੀਟ ਸਕੇਟਬੋਰਡਿੰਗ ’ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇੱਥੇ ਜਾਪਾਨ ਦੇ ਯੂਟੋ ਹੋਰੀਗੋਮ ਨੇ ਸੋਨ ਤਗਮਾ ਅਤੇ ਅਮਰੀਕਾ ਦੇ ਜੈਗਰ ਈਟਨ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।

ਐਕਸ ਗੇਮਜ਼ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ 18 ਗੋਲਡ ਮੈਡਲ ਜਿੱਤਣ ਵਾਲੇ ਮਸ਼ਹੂਰ ਸਕੇਟਬੋਰਡਰ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੇ ਵਿਗੜਦੇ ਕਾਂਸੀ ਦੇ ਤਮਗੇ ਦੀ ਤਸਵੀਰ ਸ਼ੇਅਰ ਕੀਤੀ। ਉਸ ਨੇ ਇੱਕ ਵੀਡੀਓ ਵਿਚ ਕਿਹਾ- ‘ਇਹ ਓਲੰਪਿਕ ਮੈਡਲ ਉਦੋਂ ਚੰਗੇ ਲੱਗਦੇ ਹਨ ਜਦੋਂ ਇਹ ਬਿਲਕੁਲ ਨਵੇਂ ਹੁੰਦੇ ਹਨ, ਪਰ ਇਸ ਨੂੰ ਆਪਣੀ ਚਮੜੀ ‘ਤੇ ਕੁਝ ਦੇਰ ਪਸੀਨੇ ਨਾਲ ਰੱਖਣ ਅਤੇ ਫਿਰ ਵੀਕੈਂਡ ‘ਤੇ ਆਪਣੇ ਦੋਸਤਾਂ ਨੂੰ ਦੇਣ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਸਾਹਮਣੇ ਆਉਂਦੀ ਹੈ ਸਿਰਫ਼ ਇੱਕ ਹਫ਼ਤਾ ਹੋਇਆ ਹੈ। ਉਸਨੇ ਅੱਗੇ ਕਿਹਾ, “ਮੇਰਾ ਮਤਲਬ ਹੈ ਕਿ ਇਸ ਚੀਜ਼ ਨੂੰ ਦੇਖੋ। ਇਹ ਖੁਰਦਰੀ ਲੱਗ ਰਿਹਾ ਹੈ। ਇੱਥੋਂ ਤੱਕ ਕਿ ਸਾਹਮਣੇ ਵਾਲਾ ਵੀ ਹਿੱਸਾ ਉਖੜਨਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਨਹੀਂ ਪਤਾ, ਹੋ ਸਕਦਾ ਹੈ ਕਿ ਕੁਆਲਿਟੀ ਨੂੰ ਥੋੜਾ ਜਿਹਾ ਵਧਾਓ।”












