ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਸੁਣਦੇ ਰਹੇ ਅਤੇ ਦੁੱਖਾਂ-ਦਰਦਾਂ ਨੂੰ ਭੁੱਲਦੇ ਰਹੇ। ਉਨ੍ਹਾਂ ਕਿਹਾ ਕਿ ਇਹ ਕਲਾ ਜਗਤ ਲਈ ਅਫ਼ਸੋਸ ਦੀ ਗੱਲ ਹੈ। ਉਨ੍ਹਾਂ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦਿੰਦਿਆਂ 2 ਮਿੰਟ ਦਾ ਮੌਨ ਰੱਖਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ‘ਤੇ ਪੀ.ਡੀ.ਐਸ. ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਅਤੇ ਦੂਜੇ ਸੂਬਿਆਂ ਲਈ ਵੱਖਰੇ ਹਨ ਪਰ ਪੰਜਾਬ ਸਰਕਾਰ ਕਿਸੇ ਨੂੰ ਵੀ ਅਪਣੇ ਮੂੰਹੋਂ ਬੁਰਕੀ ਨਹੀਂ ਖੋਹਣ ਦੇਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਪਹਿਲਾਂ ਵੋਟ ਚੋਰ ਸੀ, ਹੁਣ ਇਹ ਰਾਸ਼ਨ ਚੋਰ ਵੀ ਬਣ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਇਕ ਰਿਪੋਰਟ ਮਿਲੀ ਹੈ, ਜਿਸ ਵਿਚ ਕੇਂਦਰ ਦੀ ਭਾਜਪਾ ਸਰਕਾਰ 8 ਲੱਖ 2 ਹਜ਼ਾਰ 493 ਰਾਸ਼ਨ ਕਾਰਡ ਕੱਟ ਰਹੀ ਹੈ। ਜੇ ਇਕ ਕਾਰਡ ਵਿਚ 4 ਲੋਕ ਜੋੜੇ ਜਾਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ 32 ਲੱਖ ਲੋਕ ਮੁਫ਼ਤ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਣਗੇ। ਹੁਣ ਵੋਟਾਂ ਚੋਰੀ ਕਰਨ ਤੋਂ ਬਾਅਦ, ਭਾਜਪਾ ਵੀ ਰਾਸ਼ਨ ਚੋਰੀ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਨ ਕਾਰਡ ਕੱਟਣ ਲਈ ਇਕ ਮਾਪਦੰਡ ਵੀ ਰੱਖਿਆ ਹੈ। ਜੇ ਤੁਹਾਡੇ ਕੋਲ ਚਾਰ ਪਹੀਆ ਵਾਹਨ ਹੈ, 25 ਲੱਖ ਤੋਂ ਵੱਧ ਦਾ ਟਰਨਓਵਰ ਹੈ, ਢਾਈ ਏਕੜ ਤੋਂ ਵੱਧ ਜ਼ਮੀਨ ਹੈ, ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ, ਤਾਂ ਰਾਸ਼ਨ ਕਾਰਡ ਰੱਦ ਕਰ ਦਿਤਾ ਜਾਵੇਗਾ।
ਮੁੱਖ ਮੰਤਰੀ ਨੇ ਸਵਾਲ ਉਠਾਇਆ ਕਿ ਕਈ ਵਾਰ ਇਕ ਭਰਾ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ। ਸਰਕਾਰੀ ਨੌਕਰੀ ਮਿਲਣ ਤੋਂ ਬਾਅਦ, ਉਹ ਸ਼ਹਿਰ ਸ਼ਿਫਟ ਹੋ ਜਾਂਦਾ ਹੈ ਤਾਂ ਪਰਵਾਰ ਦੇ ਬਾਕੀ ਮੈਂਬਰਾਂ ਦਾ ਕੀ ਹੋਵੇਗਾ। ਜੇ ਇਕ ਕਾਰਡ ਧਾਰਕ ਕੋਲ ਕਾਰ ਹੈ ਜਿਸ ਦੇ ਨਾਮ ‘ਤੇ ਕਾਰਡ ਬਣਿਆ ਹੈ, ਤਾਂ ਬਾਕੀਆਂ ਦਾ ਕੀ ਕਸੂਰ ਹੈ। ਤੁਸੀਂ ਪੂਰੇ ਪਰਵਾਰ ਨੂੰ ਭੁੱਖੇ ਮਾਰੋਗੇ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਭਗਵੰਤ ਮਾਨ ਮੁੱਖ ਮੰਤਰੀ ਹਨ, ਉਹ ਇੱਕ ਵੀ ਕਾਰਡ ਰੱਦ ਨਹੀਂ ਹੋਣ ਦੇਣਗੇ।












