ਅਮਰੀਕਾ-ਇਜ਼ਰਾਈਲ-ਈਰਾਨ ਜੰਗ ਕਾਰਨ ਸਟ੍ਰੇਟ ਆਫ ਹੋਰਮੁਜ ਪ੍ਰਭਾਵਿਤ ਹੋਣ ਨਾਲ ਦੁਨੀਆ ਭਰ ਵਿਚ ਕ੍ਰਾਈਸਿਸ ਤੋਂ ਬਾਅਦ ਹੁਣ ਇੰਟਰਨੈੱਟ ਠੱਪ ਹੋਣ ਦਾ ਖਤਰਾ ਹੈ। ਇਸ ਦਾ ਕਾਰਨ ਇਹ ਹੈ ਕਿ ਹੋਰਮੁਜ ਰੂਟ ਤੋਂ ਨਾ ਸਿਰਫ ਦੁਨੀਆ ਦਾ 20 ਫੀਸਦੀ ਕੱਚਾ ਤੇਲ ਤੇ 25 ਫੀਸਦੀ LNG ਲੰਘਦੀ ਹੈ, ਸਗੋਂ ਇਸ ਰਸਤੇ ਦੇ ਹੇਠਾਂ ਇੰਟਰਨੈੱਟ ਕੇਬਲਸ ਵੀ ਵਿਛੀਆਂ ਹਨ। ਜੇ ਇਸ ਖੇਤਰ ਵਿੱਚ ਤਣਾਅ ਵਧਦਾ ਹੈ ਜਾਂ ਕੇਬਲਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਭਾਰਤ ਸਮੇਤ ਦੁਨੀਆ ਭਰ ਵਿੱਚ ਇੰਟਰਨੈੱਟ ਦੀ ਸਪੀਡ ਸਲੋਅ ਹੋ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਖੇਤਰ ਨਾ ਸਿਰਫ਼ ਐਨਰਜੀ ਦ ਚੋਕਪੁਆਇੰਟ ਹੈ, ਸਗੋਂ ਇਕ ਡਿਜੀਟਲ ਚੋਕਪੁਆਇੰਟ ਵੀ ਹੈ।
97% ਗਲੋਬਲ ਡਾਟਾ ਸਮੁੰਦਰ ਦੇ ਹੇਠਾਂ ਲੰਘਦਾ ਹੈ
ਲੋਕ ਅਕਸਰ ਮੰਨਦੇ ਹਨ ਕਿ ਇੰਟਰਨੈਟ ਸੈਟੇਲਾਈਟ ਰਾਹੀਂ ਚੱਲਦਾ ਹੈ, ਪਰ ਅਸਲੀਅਤ ਵੱਖਰੀ ਹੈ। ਦੁਨੀਆ ਦਾ ਲਗਭਗ 95 ਤੋਂ 97 ਫੀਸਦੀ ਡਾਟਾ ਫਾਈਬਰ ਆਪਟਿਕ ਕੇਬਲਾਂ ਰਾਹੀਂ ਟ੍ਰਾਂਸਫਰ ਕੀਤਾ ਜਾਂਦਾ ਹੈ। ਇਹ ਕੇਬਲ ਸਮੁੰਦਰ ਦੇ ਹੇਠਾਂ ਵਿਛਾਈਆਂ ਗਈਆਂ ਹਨ। ਭਾਰਤ ਨੂੰ ਯੂਰਪ, ਅਫਰੀਕਾ ਅਤੇ ਪੱਛਮੀ ਏਸ਼ੀਆ ਨਾਲ ਜੋੜਨ ਵਾਲੀਆਂ ਮੁੱਖ ਕੇਬਲਾਂ ਇਸ ਰਸਤੇ ਦੇ ਨੇੜੇ ਤੋਂ ਲੰਘਦੀਆਂ ਹਨ। ਇਸ ਵਿੱਚ SEA-ME-WE, AAE-1, ਅਤੇ EIG ਵਰਗੇ ਪ੍ਰਮੁੱਖ ਕੇਬਲ ਸਿਸਟਮ ਸ਼ਾਮਲ ਹਨ।
ਭਾਰਤ ਲਈ ਵੱਡਾ ਖ਼ਤਰਾ ਕਿਉਂ ਹੈ?
ਭਾਰਤ ਦੀ ਡਿਜੀਟਲ ਅਰਥਵਿਵਸਥਾ ਇਨ੍ਹਾਂ ਸਮੁੰਦਰੀ ਮਾਰਗਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਭਾਰਤ ਦੀ ਜ਼ਿਆਦਾਤਰ ਅੰਤਰਰਾਸ਼ਟਰੀ ਇੰਟਰਨੈੱਟ ਬੈਂਡਵਿਡਥ ਅਰਬ ਸਾਗਰ ਅਤੇ ਖਾੜੀ ਖੇਤਰ ਰਾਹੀਂ ਆਉਂਦੀ ਹੈ।
ਲੇਟੇਂਸੀ ਵਧ ਜਾਏਗੀ : ਜੇ ਕੇਬਲਸ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਟ੍ਰੈਫਿਕ ਨੂੰ ਲੰਮੇ ‘ਪੈਸਿਫਿਕ ਰੂਟ’ ‘ਤੇ ਡਾਇਵਰਟ ਕਰਨਾ ਪਏਗਾ। ਇਸ ਨਾਲ ਲੇਟੇਂਸੀ ਯਾਨੀ ਡਾਟਾ ਟ੍ਰੈਵਲ ਟਾਈਮ ਵਧ ਜਾਏਗਾ। ਇੰਟਰਨੈੱਟ ਸਲੋਅ: ਯੂਟਿਊਬ, ਇੰਸਟਾਗ੍ਰਾਮ ਅਤੇ ਨੈੱਟਫਲਿਕਸ ਵਰਗੇ ਪਲੇਟਫਾਰਮਾਂ ‘ਤੇ ਬਫਰਿੰਗ ਵਧੇਗੀ। ਵੀਡੀਓ ਕਾਲਾਂ ਅਤੇ ਕਲਾਉਡ ਸੇਵਾਵਾਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
23.48 ਲੱਖ ਕਰੋੜ ਰੁਪਏ ਦੇ ਆਈਟੀ ਸੈਕਟਰ ‘ਤੇ ਅਸਰ
ਭਾਰਤ ਦਾ ਆਈਟੀ ਅਤੇ ਆਊਟਸੋਰਸਿੰਗ ਸੈਕਟਰ ਲਗਭਗ 250 ਬਿਲੀਅਨ ਡਾਲਰ (₹23.48 ਲੱਖ ਕਰੋੜ) ਦਾ ਹੈ। ਅਮਰੀਕੀ ਅਤੇ ਯੂਰਪੀਅਨ ਗਾਹਕਾਂ ਨਾਲ ਰੀਅਲ-ਟਾਈਮ ਕਨੈਕਟੀਵਿਟੀ ਇਸ ਘੱਟ-ਲੇਟੈਂਸੀ ਨੈੱਟਵਰਕ ‘ਤੇ ਨਿਰਭਰ ਕਰਦੀ ਹੈ।
ਕੇਬਲ ਕੱਟਣ ਦੀ ਸਥਿਤੀ ਵਿੱਚ ਕੰਪਨੀਆਂ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਸੇਵਾ ਸਮਝੌਤਿਆਂ (SLA) ਦੀ ਉਲੰਘਣਾ ਅਤੇ ਜੁਰਮਾਨੇ ਹੋ ਸਕਦੇ ਹਨ। ਇਸ ਤੋਂ ਇਲਾਵਾ ਖਾੜੀ ਦੇਸ਼ਾਂ ਤੋਂ ਪੈਸੇ ਭੇਜਣਾ ਅਤੇ SWIFT ਵਰਗੇ ਬੈਂਕਿੰਗ ਲੈਣ-ਦੇਣ ਵੀ ਸਲੋਅ ਹੋ ਸਕਦੇ ਹਨ।











