ਮਾਫੀਆ ਡੌਨ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਅਬਾਨ ਅਹਿਮਦ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਸਸਹਮਨੇ ਆ ਰਹੀ ਹੈ। ਇਹ ਹਾਦਸਾ ਝਾਂਸੀ-ਕਾਨਪੁਰ ਰਾਸ਼ਟਰੀ ਰਾਜਮਾਰਗ ‘ਤੇ ਪੁੰਛ ਪੁਲਿਸ ਸਟੇਸ਼ਨ ਖੇਤਰ ਦੇ ਨੇੜੇ ਵਾਪਰਿਆ। ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਹਾਈਵੇਅ ਦੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਸ ਹਾਦਸੇ ‘ਚ ਅਬਾਨ ਦੇ ਇੱਕ ਹੋਰ ਸਾਥੀ (ਸੋਨੂ) ਦੀ ਵੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਪੁਲਿਸ ਅਤੇ ਰਾਹਗੀਰ ਮੌਕੇ ‘ਤੇ ਪਹੁੰਚੇ ਅਤੇ ਸਾਰਿਆਂ ਨੂੰ ਬਾਹਰ ਕੱਢਣ ਲਈ ਕਾਰ ਦਾ ਦਰਵਾਜ਼ਾ ਤੋੜ ਦਿੱਤਾ ਗਿਆ। ਅਗਲੀ ਸੀਟ ‘ਤੇ ਬੈਠੇ ਅਬਾਨ ਅਤੇ ਕਾਰ ਚਲਾ ਰਹੇ ਸੋਨੂੰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਤਿੰਨ ਜ਼ਖਮੀਆਂ, ਉਮਰ ਅਹਿਮਦ, ਮੁਹੰਮਦ ਜ਼ੈਦ ਅਤੇ ਅਸਲਮ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਅਬਾਨ ਦੇ ਜ਼ਖਮੀ ਦੋਸਤ ਨੇ ਕਿਹਾ ਕਿ ਹਾਈਵੇਅ ‘ਤੇ ਇੱਟਾਂ ਸਨ, ਜਿਸ ਕਾਰਨ ਕਾਰ ਆਊਟ ਆਫ ਕੰਟਰੋਲ ਹੋ ਗਈ। ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਕਾਰ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਹਾਈਵੇਅ ‘ਤੇ ਅਚਾਨਕ ਦਿਖਾਈ ਦੇਣ ਵਾਲੇ ਇੱਕ ਜਾਨਵਰ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਡਿਵਾਈਡਰ ਨਾਲ ਟਕਰਾ ਗਈ।












