ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ 48 ਸਾਲਾ ਪੰਜਾਬੀ ਕਾਰੋਬਾਰੀ ਸੁਖਜੀਤ ਰੰਧਾਵਾ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਨਾ ਸਿਰਫ਼ ਸਥਾਨਕ ਪੰਜਾਬੀ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ, ਸਗੋਂ ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਇਹ ਵਾਰਦਾਤ ਸ਼ਹਿਰ ਦੇ 112 ਐਵਿਨਿਊ ਅਤੇ 82 ਸਟਰੀਟ ਨੇੜੇ ਸਥਿਤ ਇੱਕ ਸਟ੍ਰਿਪ ਮਾਲ ਵਿੱਚ ਵਾਪਰੀ। ਸੁਖਜੀਤ ਰੰਧਾਵਾ ਆਪਣੇ ਸ਼ਰਾਬ ਦੇ ਸਟੋਰ ‘ਤੇ ਮੌਜੂਦ ਸਨ, ਜਦੋਂ ਇੱਕ ਵਿਅਕਤੀ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਬਿਨਾਂ ਭੁਗਤਾਨ ਕੀਤੇ ਫ਼ਰਾਰ ਹੋਣ ਲੱਗਾ। ਇਸ ਦੌਰਾਨ ਰੰਧਾਵਾ ਨੇ ਸੂਝ-ਬੂਝ ਨਾਲ ਸਟੋਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਤਾਂ ਜੋ ਲੁਟੇਰਾ ਬਾਹਰ ਨਾ ਨਿਕਲ ਸਕੇ। ਪੁਲੀਸ ਮੁਤਾਬਕ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੁਲਜ਼ਮ ਨੇ ਰੰਧਾਵਾ ‘ਤੇ ਹਿੰਸਕ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਮੌਤ ਹੋ ਗਈ।
ਪੋਸਟਮਾਰਟਮ ਤੋਂ ਬਾਅਦ ਪੁਲੀਸ ਨੇ ਮਾਮਲੇ ਨੂੰ ਅਧਿਕਾਰਕ ਤੌਰ ‘ਤੇ ਕਤਲ ਕਰਾਰ ਦਿੱਤਾ ਹੈ। ਐਡਮਿੰਟਨ ਪੁਲੀਸ ਨੇ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਦੂਜੇ ਦਰਜੇ ਦੀ ਹੱਤਿਆ (Second-degree murder) ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਹੈ ਕਿ ਇਸ ਵੇਲੇ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।
ਮ੍ਰਿਤਕ ਦੇ ਦੋਸਤ ਅਤੇ ਸਥਾਨਕ ਕਾਰੋਬਾਰੀ ਰਵੀ ਪ੍ਰਕਾਸ਼ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਰਿਵਾਰ ਦਾ ਨੁਕਸਾਨ ਨਹੀਂ, ਸਗੋਂ ਪੂਰੇ ਕਾਰੋਬਾਰੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਅਕਸਰ ਚੋਰੀ, ਧਮਕੀਆਂ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ। ਰਵੀ ਪ੍ਰਕਾਸ਼ ਨੇ ਕਿਹਾ, “ਸਾਡੇ ਦੋਸਤ ਨੂੰ ਉਸ ਦੇ ਆਪਣੇ ਸਟੋਰ ਵਿੱਚ ਮਾਰ ਦਿੱਤਾ ਗਿਆ। ਕਾਰੋਬਾਰੀ ਹਰ ਰੋਜ਼ ਡਰ ਦੇ ਸਾਏ ਹੇਠ ਕੰਮ ਕਰ ਰਹੇ ਹਨ। ਹੁਣ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਛੋਟੇ ਕਾਰੋਬਾਰੀਆਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ।”
ਇਸ ਘਟਨਾ ਤੋਂ ਬਾਅਦ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੇ ਨਾਲ-ਨਾਲ ਗ਼ੁੱਸਾ ਵੀ ਹੈ। ਕਾਰੋਬਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਿੰਸਕ ਅਪਰਾਧਾਂ ‘ਤੇ ਕਾਬੂ ਪਾਉਣ ਅਤੇ ਛੋਟੇ ਕਾਰੋਬਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।












