ਦਿੱਲੀ ਦੀ ਮੰਡੋਲੀ ਜੇਲ੍ਹ ਤੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਸਿੱਖ ਕੌਮ ਦੇ ਨਾਂ ਸੰਦੇਸ਼ ਸਾਹਮਣੇ ਆਇਆ ਹੈ। ਆਪਣੀ ਬਿਮਾਰ ਮਾਤਾ ਦਾ ਜ਼ਿਕਰ ਕਰਦਿਆਂ ਹਵਾਰਾ ਨੇ ਕਿਹਾ ਕਿ ਰੱਬ ਨਾ ਕਰੇ ਜੇਕਰ ਉਨ੍ਹਾਂ ਦੀ ਮਾਤਾ ਨੂੰ ਕੁਝ ਹੋ ਜਾਂਦਾ ਹੈ ਤਾਂ ਉਸ ਸਮੇਂ ਵੀ ਉਹ ਇੱਕ ਦਿਨ ਦੀ ਪੈਰੋਲ ’ਤੇ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਿੱਖ ਕੌਮ ਹੀ ਉਨ੍ਹਾਂ ਦੀ ਮਾਤਾ ਨੂੰ ਸੰਭਾਲੇਗੀ।
ਹਵਾਰਾ ਦੀ ਪੈਰੋਲ ਦਾ ਮੁੱਦਾ ਇਨ੍ਹੀਂ ਦਿਨੀਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਹਵਾਰਾ ਨੂੰ ਮਨੁੱਖਤਾ ਦੇ ਆਧਾਰ ’ਤੇ 10 ਦਿਨਾਂ ਦੀ ਪੈਰੋਲ ਦੇਣ ਦੀ ਮੰਗ ਰੱਖੀ ਸੀ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਹਵਾਰਾ ਦੀ ਮਾਤਾ ਲੰਬੇ ਸਮੇਂ ਤੋਂ ਬਿਮਾਰ ਹਨ ਅਤੇ ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਆਪਣੇ ਪੁੱਤਰ ਨਾਲ ਮਿਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਮਾਮਲੇ ’ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ ਹੈ।
ਇਸ ਦੌਰਾਨ ਸਾਹਮਣੇ ਆਈ ਜਾਣਕਾਰੀ ਮੁਤਾਬਕ ਰਾਜਪਾਲ ਵੱਲੋਂ ਹਵਾਰਾ ਦੀ ਮਾਤਾ ਦੀ ਸਿਹਤ ਸਬੰਧੀ ਰਿਪੋਰਟ ਪੀਜੀਆਈ ਦੇ ਡਾਕਟਰਾਂ ਦੀ ਟੀਮ ਰਾਹੀਂ ਮੰਗਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਵਾਰਾ ਦੀ ਮਾਤਾ ਆਪਣੇ ਪੁੱਤਰ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ। ਮਾਮਲੇ ਨੂੰ ਲੈ ਕੇ ਰਾਜਪਾਲ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਵੀ ਸੰਪਰਕ ਕੀਤਾ ਗਿਆ ਹੈ।
ਉੱਧਰ, ਪਾਲ ਸਿੰਘ ਫਰਾਂਸ ਵੀ ਹਵਾਰਾ ਦੇ ਪਿੰਡ ਸਥਿਤ ਘਰ ਪਹੁੰਚੇ ਅਤੇ ਉਨ੍ਹਾਂ ਦੀ ਬਿਮਾਰ ਮਾਤਾ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਦੱਸਿਆ ਕਿ ਹਵਾਰਾ ਦੀ ਮਾਤਾ ਦੀ ਸਿਹਤ ਬੇਹੱਦ ਗੰਭੀਰ ਹੈ। ਉਨ੍ਹਾਂ ਕਿਹਾ ਕਿ ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਉਹ ਆਪਣੇ ਪੁੱਤਰ ਨੂੰ ਇੱਕ ਵਾਰ ਗਲੇ ਲਗਾ ਸਕੇ।
ਇਸ ਪੂਰੇ ਮਾਮਲੇ ਵਿਚਕਾਰ ਹੁਣ ਭਾਈ ਹਵਾਰਾ ਦਾ ਇਹ ਸੰਦੇਸ਼ ਸਾਹਮਣੇ ਆਉਣ ਨਾਲ ਪੈਰੋਲ ਦੇ ਮੁੱਦੇ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ।












