ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ ‘ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲੀਸ ਵੱਲੋਂ 31 ਅਗਸਤ ਤੋਂ ਬਾਅਦ ਵਿਸ਼ੇਸ਼ ਪ੍ਰਬੰਧ ਕਰਦੇ ਹੋਏ ਆਮ ਜਨਤਾ ਲਈ ਇੱਕ ਮਹੱਤਵਪੂਰਨ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ. ਇਸ ਤਹਿਤ ਵੱਖ-ਵੱਖ ਸੜਕਾਂ ‘ਤੇ ਆਵਾਜਾਈ ਨੂੰ ਡਾਇਵਰਟ ਜਾਂ ਸੀਮਤ (restricted) ਕੀਤਾ ਗਿਆ ਹੈ।
ਪੁਲੀਸ ਪ੍ਰਸ਼ਾਸਨ ਵੱਲੋਂ ਫੈਦਾਂ ਬੈਰੀਅਰ (Faidan Barrier) ਤੋਂ ਪੂਰਵ ਮਾਰਗ ਰਾਹੀਂ ਚੰਡੀਗੜ੍ਹ ਵੱਲ ਜਾਣ ਵਾਲੀ ਸੜਕ ਦੇ ਹਿੱਸੇ ‘ਤੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਡਾਇਵਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀ-ਪੁਆਇੰਟ, ਸੈਕਟਰ 48 ਲਾਈਟ ਪੁਆਇੰਟ (ਵਾਈਨ ਸ਼ਾਪ ਨੇੜੇ) ਤੋਂ ਸੈਕਟਰ 48 ਦੀ ਅੰਦਰੂਨੀ ਸੜਕ ਵੱਲ ਜਾਣ ਵਾਲੀ ਆਵਾਜਾਈ ਨੂੰ ਪੂਰੀ ਤਰ੍ਹਾਂ ਸੀਮਤ ਕੀਤਾ ਗਿਆ ਹੈ। ਸੈਕਟਰ 48/49 ਅਤੇ ਸੈਕਟਰ 49/50 ਦੀਆਂ ਵੰਡਣ ਵਾਲੀਆਂ ਸੜਕਾਂ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਆਵਾਜਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਸੜਕ ਦਾ ਇੱਕ ਪਾਸਾ ਮੁਕੰਮਲ ਬੰਦ
ਕਿਸਾਨਾਂ ਵੱਲੋਂ ਮੁਹਾਲੀ ਦੇ ਫੇਜ਼ 11 ਤੋਂ ਲੈ ਕੇ ਚੰਡੀਗੜ੍ਹ ਦੇ ਸੈਕਟਰ 48 ਤੱਕ ਸੜਕ ਦੇ ਇੱਕ ਪਾਸੇ ਸੈਂਕੜੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਪੱਕੇ ਡੇਰੇ ਲਾਏ ਜਾਣ ਕਾਰਨ ਮੁਹਾਲੀ ਪੁਲੀਸ ਨੇ ਸੁਰੱਖਿਆ ਦੇ ਮੱਦੇਨਜ਼ਰ ਸੜਕ ਦਾ ਇੱਕ ਪਾਸਾ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਹੈ। ਚੰਡੀਗੜ੍ਹ ਪੁਲੀਸ ਨੇ ਸੈਕਟਰ 48 ਦੀ ਸੜਕ ’ਤੇ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਦੇ ਪਿਛਲੇ ਪਾਸੇ ਕੰਡੇਦਾਰ ਤਾਰਾਂ ਦੀ ਤੀਹਰੀ ਬੈਰੀਕੇਡਿੰਗ ਕਰ ਦਿੱਤੀ ਹੈ ਅਤੇ ਇੱਥੇ ਆਰ.ਏ.ਐੱਫ. (RAF) ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਟਰੈਫਿਕ ਪੁਲੀਸ ਨੇ ਆਮ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਸੋਸ਼ਲ ਮੀਡੀਆ ਹੈਂਡਲਜ਼ — ਐਕਸ (@trafficchd), ਇੰਸਟਾਗ੍ਰਾਮ (@trafficchd) ਅਤੇ ਫੇਸਬੁੱਕ (@ChandigarhTrafficPolice) ‘ਤੇ ਅਪਡੇਟ ਰਹਿਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਕਿਸਾਨ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਣ ਦੇਣਗੇ ਅਤੇ ਸੜਕ ਦੇ ਦੂਜੇ ਹਿੱਸੇ ‘ਤੇ ਟ੍ਰੈਫਿਕ ਚਾਲੂ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ।












