ਵੈਨਕੂਵਰ ਪੁਲੀਸ ਨੇ ਪੰਜਾਬੀ ਮੂਲ ਦੇ ਆਪਣੇ ਹੀ ਇੱਕ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਦੀ ਇੱਕ ਚੈਰਿਟੀ ਸੰਸਥਾ ਦੇ ਬਾਨੀ ਖ਼ਿਲਾਫ਼ ਲੰਮੀ ਗੁਪਤ ਜਾਂਚ ਤੋਂ ਬਾਅਦ ਧੋਖਾਧੜੀ, ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਕਈ ਦੋਸ਼ ਲਾਏ ਗਏ ਹਨ।
ਮੁਲਾਜ਼ਮ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਦੇ ਸਰੀ ਦੀ 129 ਸਟਰੀਟ ਅਤੇ 59 ਐਵੇਨਿਊ ਸਥਿਤ ਘਰ ਨੂੰ ਅੱਜ ਵੱਡੀ ਗਿਣਤੀ ਪੁਲੀਸ ਨੇ ਬਾਅਦ ਦੁਪਹਿਰ ਘੇਰਾ ਪਾਕੇ ਉਥੋਂ ਕੈਲ ਦੋਸਾਂਝ ਅਤੇ ਉਸਦੇ ਸਾਥੀ ਸਰਬਜੀਤ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਦੇ ਘਰ ਦੀ ਤਲਾਸ਼ੀ ਦੌਰਾਨ ਪੁਲੀਸ ਉਥੋਂ ਦਸਤਾਵੇਜਾਂ ਦੇ ਬੰਡਲ ਬਕਸਿਆਂ ਵਿੱਚ ਪਾਕੇ ਲਿਜਾਂਦੀ ਵੇਖੀ ਗਈ ਹੈ।
ਵੈਨਕੂਵਰ ਪੁਲੀਸ ਵਿਭਾਗ ਦੇ ਤਜਰਬੇਕਾਰ ਕਾਂਸਟੇਬਲ ਅਤੇ ਸਰੀ-ਸਥਿਤ ‘ਕਿਡਜ਼ਪਲੇ ਫਾਊਂਡੇਸ਼ਨ’ ਦੇ ਸੀ.ਈ.ਓ. ਕਲਵਿੰਦਰ “ਕੈਲ” ਦੋਸਾਂਝ ਨੂੰ ਨੌਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ— ਜਿਨ੍ਹਾਂ ਵਿੱਚ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਚਾਰ ਮਾਮਲੇ, 5,000 ਡਾਲਰ ਤੋਂ ਵੱਧ ਦੀ ਚੋਰੀ ਦੇ ਚਾਰ ਮਾਮਲੇ ਅਤੇ ਇੱਕ ਜਨਤਕ ਅਧਿਕਾਰੀ ਵੱਲੋਂ ਭਰੋਸੇ ਦੀ ਉਲੰਘਣਾ ਦਾ ਇੱਕ ਮਾਮਲਾ ਸ਼ਾਮਲ ਹੈ।
ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ 50 ਸਾਲਾ ਦੋਸਾਂਝ ਦੇ ਨਾਲ ਉਨ੍ਹਾਂ ਦੇ ਇੱਕ ਸਹਿ-ਦੋਸ਼ੀ 51 ਸਾਲਾ ਸਰਬਜੀਤ ਸਿੰਘ ਗਿੱਲ ਵੀ ਹਨ, ਜਿਨ੍ਹਾਂ ‘ਤੇ ਧੋਖਾਧੜੀ ਅਤੇ ਚੋਰੀ ਦੇ ਛੇ ਦੋਸ਼ ਲੱਗੇ ਹਨ। ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਤੱਕ ਦੇ ਸਮੇਂ ਦੌਰਾਨ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਸਥਾਨਾਂ ‘ਤੇ ਜਾਂ ਉਨ੍ਹਾਂ ਦੇ ਆਸ-ਪਾਸ ਹੋਏ ਦੱਸੇ ਜਾਂਦੇ ਹਨ।
ਫਗਵਾੜਾ ਨੇੜਲੇ ਪਿੰਡ ਦਾ ਮੂਲ ਨਿਵਾਸੀ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਕਰੀਬ 20 ਸਾਲ ਤੋਂ ਵੈਨਕੂਵਰ ਪੁਲੀਸ ਵਿੱਚ ਸੇਵਾਵਾਂ ਨਿਭਾ ਰਹੇ ਸਨ ਅਤੇ ਨਾਲ ਹੀ ਉਹ ਨੌਜਵਾਨਾਂ ਨੂੰ ਜੁਰਮ ਤੋਂ ਬਚਾਉਣ ਵਾਲੇ ਸੰਗਠਨ ਦਾ ਕਰਤਾ ਧਰਤਾ ਵਜੋਂ ਕਾਰਜਸ਼ੀਲ ਸੀ। ਉਸ ਨੂੰ ਸਰੀ ਦੇ ਪਤਵੰਤੇ ਵਿਅਕਤੀ ਵਜੋਂ ਸਤਿਕਾਰਿਆ ਜਾਂਦਾ ਸੀ। ਮਾਮਲਾ ਕਿਸੇ ਸ਼ਿਕਾਇਤ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜਿਸ ’ਚ ਢਾਈ ਕਰੋੜ ਡਾਲਰ ਦੇ ਘਪਲੇ ਦੀ ਚਰਚਾ ਹੈ। ਵੈਨਕੂਵਰ ਪੁਲੀਸ ਮੁਖੀ ਨੇ ਹਾਲ ਦੀ ਘੜੀ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼ੁੱਕਰਵਾਰ ਦੁਪਹਿਰ ਨੂੰ ਪੱਤਰਕਾਰ ਸੰਮੇਲਨ ਵਿੱਚ ਸਾਰੀ ਜਾਣਕਾਰੀ ਦੇਣਗੇ।
ਇਸ ਬਾਰੇ ਮਿਲੀ ਭਰੋਸੇਯੋਗ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਨੇ ਪੁਲੀਸ ਨੌਕਰੀ ਦੇ ਨਾਲ ਯੂਥ ਚੈਰਿਟੀ ਚਲਾਉਂਦੇ ਹੋਏ ਲੋਕਾਂ ਦਾ ਭਰੋਸਾ ਜਿੱਤ ਲਿਆ ਤੇ ਉਨ੍ਹਾਂ ਨੂੰ ਵੱਧ ਕਮਾਈ ਦਾ ਲਾਲਚ ਦੇ ਕੇ ਸੈਂਕੜੇ ਲੋਕਾਂ ਤੋਂ ਕਰੀਬ ਢਾਈ ਕਰੋੜ ਡਾਲਰ ਲੈ ਕੇ ਕੇ ਤੇਜੀ ਦੇ ਦੌਰ ਵਿੱਚ ਕੁਝ ਜਾਇਦਾਦਾਂ ਖਰੀਦੀਆਂ ਤੇ ਕਿਹਾ ਗਿਆ ਕਿ ਵੱਧ ਰੇਟ ਤੇ ਵੇਚ ਕੇ ਮੁਨਾਫਾ ਵੰਡਿਆ ਜਾਏਗਾ।
ਨਕਦ ਲਈਆਂ ਉਨ੍ਹਾਂ ਜਾਇਦਾਦਾਂ ਨੂੰ ਬੈਂਕ ਕੋਲ ਗਹਿਣੇ ਕਰਕੇ ਇਸ ਨੇ ਕਰੀਬ ਦੋ ਕਰੋੜ ਡਾਲਰ ਦੀਆਂ ਜਾਇਦਾਦਾਂ ਆਪਣੇ ਨਾਂਅ ਤੇ ਖਰੀਦ ਲਈਆਂ। ਉਸ ਤੋਂ ਤੁਰੰਤ ਬਾਅ ਮੰਦੀ ਦਾ ਦੌਰ ਸ਼ੁਰੂ ਹੋ ਗਿਆ ਤੇ ਬੈਂਕ ਨੇ ਗਹਿਣੇ ਪਈਆਂ ਜਾਇਦਾਦਾਂ ਕੁਰਕ ਕਰ ਲਈਆਂ। ਪੈਸਾ ਲਾਉਣ ਵਾਲੇ ਰਕਮਾਂ ਵਾਪਸ ਮੰਗਣ ਲੱਗੇ, ਜੋ ਦੇਣ ਤੋਂ ਕੈਲ ਅਸਮਰਥ ਸੀ। ਪੁਲੀਸ ਨੂੰ ਹੋਈਆਂ ਸ਼ਿਕਾਇਤਾਂ ਦੀ ਜਾਂਚ ਪੂਰੀ ਹੋਣ ਤੇ ਢਾਈ ਸਾਲ ਲੱਗੇ, ਜਿਸ ਤੋਂ ਬਾਅਦ ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।












