ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਦੋਸ਼ ਹਨ ਕਿ ਉਹ ਪਰਚੂਨ ਸਟੋਰਾਂ ਦੇ ਕਾਮਿਆਂ ਨੂੰ ਛੁਰਾ ਵਿਖਾ ਕੇ ਨਕਦੀ ਲੁੱਟ ਲੈਂਦਾ ਰਿਹਾ। ਉਸ ਨੇ ਇਹਨਾਂ ਵਾਰਦਾਤਾਂ ਨੂੰ ਲੰਘੇ ਮਹੀਨੇ 6 ਦਿਨਾਂ ਵਿੱਚ ਅੰਜਾਮ ਦਿੱਤਾ।
ਮੁਲਜ਼ਮ ਦੀ ਪਛਾਣ ਤੀਪਿੰਦਰ ਸਿੰਘ ਘੁੰਮਣ ਵਜੋਂ ਜਾਰੀ ਕੀਤੀ ਗਈ ਹੈ, ਜਿਸ ਨੂੰ ਅਦਾਲਤ ਚ ਪੇਸ਼ ਕੀਤੇ ਜਾਣ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ। ਕੇਂਦਰੀ ਲੁੱਟ ਖੋਹ ਬਿਊਰੋ ਟੀਮ ਉਸ ਵਲੋਂ 24 ਤਰੀਕ ਨੂੰ ਪਹਿਲੀ ਲੁੱਟ ਤੋਂ ਬਾਅਦ ਉਸਦੀ ਭਾਲ ਚ ਲੱਗੀ ਹੋਈ ਸੀ, ਕਈ ਸਬੂਤ ਇਕੱਤਰ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲੀਸ ਅਨੁਸਾਰ ਮੁਲਜ਼ਮ ਤਿੱਖਾ ਛੁਰਾ ਲੈਕੇ ਸਟੋਰਾਂ ਦੇ ਅੰਦਰ ਉਦੋਂ ਜਾਂਦਾ, ਜਦ ਅੰਦਰ ਗਾਹਕ ਨਾ ਦੇ ਬਰਾਬਰ ਹੁੰਦੇ ਅਤੇ ਖਜਾਨਚੀ ਨੂੰ ਛੁਰਾ ਵਿਖਾ ਕੇ ਨਕਦੀ ਲੁੱਟ ਕੇ ਫਰਾਰ ਹੋ ਜਾਂਦਾ ਸੀ। ਉਸ ਨੇ ਇਹੋ ਜਿਹੀਆਂ 5 ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਸ ਵਿਰੁੱਧ ਲੁੱਟ ਅਤੇ ਜਾਣਦੇ ਹੋਏ ਕਨੂੰਨ ਤੋੜਨ ਦੀਆਂ 11 ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਹਨ।
ਪੁਲੀਸ ਦਾ ਕਹਿਣਾ ਹੈ ਕਿ ਡਾਕਿਆਂ ਦੀ ਇਸ ਲੜੀ ਨੇ ਸਥਾਨਕ ਕਾਰੋਬਾਰੀਆਂ ਵਿੱਚ ਭਾਰੀ ਚਿੰਤਾ ਪੈਦਾ ਕਰ ਦਿੱਤੀ ਸੀ, ਕਿਉਂਕਿ ਸ਼ੱਕੀ ਵੱਲੋਂ ਹਥਿਆਰ ਦੀ ਵਰਤੋਂ ਕਰਨ ਨਾਲ ਸਟਾਫ਼ ਅਤੇ ਗਾਹਕਾਂ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਜਾਂਚਕਰਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਗੇ ਹੋਰ ਘਟਨਾਵਾਂ ਨੂੰ ਰੋਕਣ ਲਈ ਤੇਜ਼ੀ ਨਾਲ ਪਛਾਣ ਕਰਨਾ ਅਤੇ ਗ੍ਰਿਫ਼ਤਾਰੀ ਜ਼ਰੂਰੀ ਸੀ। ਪੀਲ ਪੁਲੀਸ ਨੇ ਇਸ ਜਾਂਚ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਸੈਂਟਰਲ ਰੌਬਰੀ ਬਿਊਰੋ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।












