ਸਰਕਾਰ ਨੇ ਦੇਸ਼ ਤੋਂ ਬਾਹਰ ਭੇਜੇ ਜਾਣ ਵਾਲੇ ਪੈਟਰੋਲ, ਡੀਜ਼ਲ ਤੇ ਜੈੱਟ ਈਂਧਣ ‘ਤੇ ਲੱਗਣ ਵਾਲੇ ਵਿੰਡਫਾਲ ਟੈਕਸ ਵਿਚ ਕਟੌਤੀ ਕੀਤੀ ਹੈ। ਨਵੀਆਂ ਦਰਾਂ 16 ਸਤੰਬਰ 2026 ਰਾਤ ਤੋਂ ਲਾਗੂ ਹੋ ਗਈਆਂ ਹਨ ਜਿਸ ਨਾਲ ਭਾਰਤੀ ਰਿਫਾਈਨਰੀ ਕੰਪਨੀਆਂ ਦਾ ਖਰਚਾ ਘਟੇਗਾ ਤੇ ਉਨ੍ਹਾਂ ਨੂੰ ਵਿਦੇਸ਼ੀ ਬਾਜ਼ਾਰ ਵਿਚ ਤੇਲ ਵੇਚਣ ‘ਤੇ ਸਿੱਧਾ ਫਾਇਦਾ ਮਿਲੇਗਾ।
ਸਰਕਾਰ ਹਰ 15 ਦਿਨ ਵਿਚ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ। ਇਸ ਤੋਂ ਪਹਿਲਾਂ 1 ਸਤੰਬਰ ਨੂੰ ਟੈਕਸ ਵਧਾਇਆ ਗਿਆ ਸੀ ਪਰ ਹੁਣ ਗਲੋਬਲ ਕਰੂਡ ਮਾਰਕੀਟ ਵਿਚ ਕੀਮਤਾਂ ਸਾਧਾਰਨ ਹੋਣ ਕਾਰਨ ਸਰਕਾਰ ਨੇ ਇਸ ਵਾਧੇ ਨੂੰ ਵਾਪਸ ਲੈ ਲਿਆ ਹੈ।
ਦੱਸ ਦੇਈਏ ਕਿ ਵਿੰਡਫਾਲ ਟੈਕਸ ਇਕ ਅਜਿਹਾ ਟੈਕਸ ਹੈ ਜੋ ਸਰਕਾਰ ਉਨ੍ਹਾਂ ਕੰਪਨੀਆਂ ‘ਤੇ ਲਗਾਉਂਦੀ ਹੈ ਜਿਨ੍ਹਾਂ ਨੂੰ ਅਚਾਨਕ ਹੋਈ ਕਿਸੇ ਘਟਨਾ ਕਾਰਨ ਬਹੁਤ ਜ਼ਿਆਦਾ ਮੁਨਾਫਾ ਹੋ ਜਾਂਦਾ ਹੈ ਜਿਵੇਂ ਅਜੇ ਮਿਡਲ ਈਸਟ ਤਣਾਅ ਦੇ ਵਿਚ ਪੈਟਰੋਲ ਤੇ ਡੀਜ਼ਲ ਕੰਪਨੀਆਂ ਨੂੰ ਮੁਨਾਫਾ ਹੋਇਆ ਤਾਂ ਉਨ੍ਹਾਂ ‘ਤੇ ਵਿੰਡਫਾਲ ਟੈਕਸ ਲੱਗਾ ਸੀ। ਉਸ ਨੂੰ ਹੁਣ ਘਟਾ ਦਿੱਤਾ ਗਿਆ ਹੈ। ਵਿੰਡਫਾਲ ਟੈਕਸ ਘੱਟ ਹੋਣ ਦੇ ਬਾਅਦ ਲੋਕਾਂ ਦੇ ਮਨ ਵਿਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਹੁਣ ਪੈਟਰੋਲ ਤੇ ਡੀਜ਼ਲ ਵੀ ਸਸਤਾ ਹੋ ਜਾਵੇਗਾ।












