ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਵਿਚ ਆਪਣੇ ਨਾਲ ਹੋਏ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ Air Canada ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਬਿਜ਼ਨਸ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਕਾਨਮੀ ਕਲਾਸ ਦੀ ਸੀਟ ਦਿੱਤੀ ਗਈ।
ਇਸ ਪੂਰੀ ਮਾਮਲੇ ਬਾਰੇ ਗਿੱਪੀ ਗਰੇਵਾਲ ਨੇ X ‘ਤੇ ਪੋਸਟ ਕਰਕੇ ਦੱਸਿਆ ਕਿ ਇਹ ਘਟਨਾ ਏਅਰ ਕੈਨੇਡਾ ਦੀ ਫਲਾਈਟ ‘ਚ ਸਫ਼ਰ ਦੌਰਾਨ ਵਾਪਰੀ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਏਅਰਲਾਈਨ ਸਟਾਫ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਗਿੱਪੀ ਨੇ ਕਿਹਾ ਕਿ ਸਟਾਫ ਵੱਲੋਂ ਇਹ ਕਿਹਾ ਗਿਆ ਕਿ ਅਜਿਹਾ ਹੋ ਗਿਆ ਹੈ ਅਤੇ ਇਸ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ।
ਗਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਂ ਤਾਂ ਇਕਾਨਮੀ ਵਿੱਚ ਸਫ਼ਰ ਕਰਨ ਜਾਂ ਫਲਾਈਟ ਛੱਡਣ ਦਾ ਬਦਲ ਦਿੱਤਾ ਗਿਆ ਸੀ। ਵਾਰ-ਵਾਰ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਜਾਂ ਮਦਦ ਨਹੀਂ ਮਿਲੀ। ਇਸ ਦੀ ਬਜਾਏ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੇ ਇਸ ਮੁੱਦੇ ਨੂੰ ਚੁੱਕਣਾ ਜਾਰੀ ਰੱਖਿਆ ਤਾਂ ਉਨ੍ਹਾਂ ਨੂੰ ਫਲਾਈਟ ਤੋਂ ਬਾਹਰ ਕੱਢਿਆ ਜਾ ਸਕਦਾ ਹੈ।
ਗਿੱਪੀ ਦੀ ਪੋਸਟ ਤੋਂ ਬਾਅਦ ਏਅਰ ਕੈਨੇਡਾ ਨੇ X ‘ਤੇ ਜਵਾਬ ਦਿੱਤਾ। ਏਅਰਲਾਈਨ ਨੇ ਘਟਨਾ ‘ਤੇ ਖੇਦ ਪ੍ਰਗਟਾਉਂਦੇ ਹੋਏ ਮਾਫੀ ਮੰਗੀ ਤੇ ਗਿੱਪੀ ਨੂੰ ਕਿਹਾ ਕਿ ਉਹ ਆਪਣਾ ਬੁਕਿੰਗ ਰੈਫਰੈਂਸ ਤੇ ਟਿਕਟ ‘ਤੇ ਦਰਜ ਪੂਰੇ ਨਾਂ ਦੀ ਜਾਣਕਾਰੀ DM ਜ਼ਰੀਏ ਭੇਜਣ ਤਾਂ ਕਿ ਏਅਰਲਾਈਨ ਇਸ ਮਾਮਲੇ ਦੀ ਜਾਂਚ ਕਰ ਸਕਣ।












