ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ ਕੈਨੇਡਾ ਦੇ ਓਂਟਾਰੀਓ ਸੂਬੇ ਨਾਲ ਸਬੰਧਤ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਕੋਈ ਆਮ ਨਸ਼ਾ ਤਸਕਰੀ ਦਾ ਨਹੀਂ, ਸਗੋਂ ਸਾਲ 2002 ਦੀਆਂ ਸਰਦ ਰੁੱਤ ਓਲੰਪਿਕ ਖੇਡਾਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਅਥਲੀਟ ਰਿਆਨ ਵੈਡਿੰਗ ਦੇ ਖ਼ਤਰਨਾਕ ਅੰਤਰਰਾਸ਼ਟਰੀ ਨਾਰਕੋ ਕਾਰਟੈਲ ਨਾਲ ਜੁੜਿਆ ਹੋਇਆ ਹੈ। ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਨੇ ਰਿਆਨ ਵੈਡਿੰਗ ਨੂੰ ‘ਅੱਜ ਦੇ ਦੌਰ ਦਾ ਪਾਬਲੋ ਐਸਕੋਬਾਰ’ ਕਰਾਰ ਦਿੱਤਾ ਹੋਇਆ ਹੈ, ਜੋ ਕੋਲੰਬੀਆ, ਮੈਕਸੀਕੋ ਅਤੇ ਅਮਰੀਕਾ ਰਾਹੀਂ ਕੈਨੇਡਾ ਵਿੱਚ ਕੋਕੀਨ ਦੀ ਇੱਕ ਵੱਡੀ ਸਪਲਾਈ ਲਾਈਨ ਚਲਾ ਰਿਹਾ ਸੀ। ਬਰੈਂਪਟਨ ਸ਼ਹਿਰ ਦੇ ਰਹਿਣ ਵਾਲੇ 58 ਸਾਲਾ ਇਕਬਾਲ ਸਿੰਘ ਵਿਰਕ ਨੇ ਲਾਸ ਏਂਜਲਸ ਦੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਕਿ ਉਹ ਆਪਣੇ ਕਮਰਸ਼ੀਅਲ ਟਰੱਕ ਰਾਹੀਂ ਓਂਟਾਰੀਓ ਤੋਂ ਕੈਲੀਫੋਰਨੀਆ ਤੱਕ ਕੋਕੀਨ ਦੀਆਂ ਵੱਡੀਆਂ ਖੇਪਾਂ ਅਮਰੀਕਾ ਸਮੇਤ ਵੱਖ-ਵੱਖ ਟਿਕਾਣਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ। FBI ਨੇ ਵਿਛਾਇਆ ਜਾਲ
ਪ੍ਰਾਪਤ ਜਾਣਕਾਰੀ ਅਨੁਸਾਰ, 28 ਅਗਸਤ 2024 ਨੂੰ ਜਦੋਂ ਇਕਬਾਲ ਸਿੰਘ ਵਿਰਕ ਅਤੇ ਉਸ ਦਾ ਸਾਥੀ ਰਣਜੀਤ ਸਿੰਘ ਰੋਵਾਲ ਮਿਸ਼ੀਗਨ ਨੂੰ ਜੋੜਨ ਵਾਲੇ ਅੰਤਰਰਾਸ਼ਟਰੀ ਬਲੂ ਵਾਟਰ ਬ੍ਰਿਜ ਨੇੜੇ ਅਮਰੀਕੀ ਕਸਟਮ ਪੋਸਟ ‘ਤੇ ਪਹੁੰਚੇ, ਤਾਂ ਪਹਿਲਾਂ ਤੋਂ ਤਾਕ ਵਿੱਚ ਬੈਠੇ ਐੱਫ.ਬੀ.ਆਈ. ਅਧਿਕਾਰੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ। ਦਰਅਸਲ, ਐੱਫ.ਬੀ.ਆਈ. ਨੇ ਇਸ ਨੈੱਟਵਰਕ ਦੀਆਂ ਗਤੀਵਿਧੀਆਂ ਨੂੰ ਬੇਨਕਾਬ ਕਰਨ ਲਈ ਪਹਿਲਾਂ ਹੀ ਗਰੋਹ ਅੰਦਰ ਆਪਣੇ ਗੁਪਤ ਏਜੰਟ (ਅੰਡਰਕਵਰ ਏਜੰਟ) ਤਾਇਨਾਤ ਕੀਤੇ ਹੋਏ ਸਨ। ਤਲਾਸ਼ੀ ਦੌਰਾਨ ਟਰੱਕ ਅੰਦਰ ਬਣਾਏ ਗਏ ਇੱਕ ਵਿਸ਼ੇਸ਼ ਗੁਪਤ ਚੈਂਬਰ ਵਿੱਚੋਂ 124 ਕਿੱਲੋ ਕੋਕੀਨ ਬਰਾਮਦ ਹੋਈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 4 ਮਿਲੀਅਨ ਅਮਰੀਕੀ ਡਾਲਰ (ਕਰੀਬ 33 ਕਰੋੜ ਭਾਰਤੀ ਰੁਪਏ) ਦੱਸੀ ਜਾ ਰਹੀ ਹੈ।












