90 ਦੇ ਦਹਾਕੇ ਦੇ ਬੱਚਿਆਂ ਨੂੰ ਜੇਕਰ ਪੁੱਛਿਆ ਜਾਵੇ ਕਿ ਉਨ੍ਹਾਂ ਦਾ ਫੇਵਰੇਟ ਸੁਪਰੀਹੋਰ ਕਿਹੜਾ ਹੈ ਤਾਂ ਉਨ੍ਹਾਂ ਦੇ ਮੂੰਹ ’ਚੋਂ ਆਇਰਮੈਨ ਤੇ ਕੈਪਟਨ ਅਮੈਰੀਕਾ ਦਾ ਨਹੀਂ, ਸਗੋਂ ਸ਼ਕਤੀਮਾਨ ਦਾ ਨਾਂ ਨਿਕਲੇਗਾ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਹੁਣ ਇਸ ਸ਼ੋਅ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਕਿਉਂਕੀ ਸੋਨੀ ਪਿੱਕਚਰਸ ਨੇ ਇਸ ਸ਼ੋਅ ਉੱਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ।
ਇਸ ਨਿੱਜੀ ਟੀਵੀ ਚੈਨਲ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਨਾਲ ਸਬੰਧਤ ਇੱਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਫ਼ਿਲਮ ਦੀ ਪਹਿਲੀ ਝਲਕ ਵੇਖਣ ਨੂੰ ਮਿਲੀ।ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ‘ਸ਼ਕਤੀਮਾਨ’ ਦਾ ਰੋਮਾਂਚ ਹੁਣ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗਾ।ਪੋਸਟ ਵਿੱਚ ਦੱਸਿਆ ਗਿਆ ਹੈ ਕਿ ਸੋਨੀ ਪਿਕਚਰਜ਼ ਨੇ ‘ਸ਼ਕਤੀਮਾਨ’ ਦੇ ਲੇਖਕ ਅਤੇ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨਾਲ ਸਮਝੌਤਾ ਕੀਤਾ ਹੈ। ਡੀਲ ਮੁਤਾਬਕ ਸ਼ਕਤੀਮਾਨ ਨੂੰ ਵੱਡੇ ਪਰਦੇ ‘ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਸਬੰਧੀ ‘ਸ਼ਕਤੀਮਾਨ’ ਦਾ ਟੀਜ਼ਰ ਵੀ ਲਾਂਚ ਕੀਤਾ ਗਿਆ ਹੈ। ਹਲਾਂਕਿ ਇਸ ਵੀਡੀਓ ਦੇ ਵਿੱਚ ਕਿਸੇ ਵੀ ਹੀਰੋ ਦਾ ਚਿਹਰਾ ਨਹੀਂ ਵਿਖਾਇਆ ਗਿਆ ਹੈ, ਪਰ ਇਸ ਵਿੱਚ ਸ਼ਕਤੀਮਾਨ ਤੇ ਗੰਗਾਧਰ ਦਾ ਕਿਰਦਾਰ ਅਦਾ ਕਰਨ ਵਾਲੇ ਮੁਕੇਸ਼ ਖੰਨਾ ਦਾ ਗੋਲ ਚਸ਼ਮਾ ਜ਼ਰੂਰ ਨਜ਼ਰ ਆਇਆ ਹੈ। ਇਸ ਟੀਜ਼ਰ ਵਿੱਚ ਸ਼ਕਤੀਮਾਨ ਦਾ ਨਵਾਂ ਲੁੱਕ ਵਿਖਾਇਆ ਗਿਆ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸ਼ਕਤੀਮਾਨ ਦਾ ਕਿਰਦਾਰ ਕੌਣ ਨਿਭਾਏਗਾ।













