ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ ਧਰਨੇ ਵਾਲੀ ਥਾਂ ਪਹੁੰਚੇ DIG ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਤਲਕਾਂਡ ਮਾਮਲੇ ‘ਚ 2 ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਕੀਤੇ ਲੋਕਾਂ ‘ਚ ਮੁਲਜ਼ਮ ਦੇ 2 ਸਾਥੀ ਤੇ ਇੱਕ ਪਰਿਵਾਰਕ ਮੈਂਬਰ ਸ਼ਾਮਲ ਹੈ। ਇਸ ਮੌਕੇ DIG ਨੇ ਧਰਨੇ ਨੂੰ ਲੈ ਕੇ ਕਿਹਾ ਕਿ ਸਿਕਓਰਿਟੀ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਸਭ ਕੁਝ ਸ਼ਾਂਤੀਪੂਰਵਕ ਰਹੇ
ਦੱਸ ਦੇਈਏ ਕਿ ਪਰਵਿੰਦਰ ਝੋਟਾ ਕਤਲਕਾਂਡ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਹਸਪਤਾਲ, ਮੈਡੀਕਲ ਸਟੋਰ, ਫਾਇਰ ਬ੍ਰਿਗੇਡ ਤੇ ਐਂਬੂਲੈਂਸਾਂ ਨੂੰ ਛੋਟ ਦਿੱਤੀ ਜਾਵੇਗੀ। ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਮਾਨਸਾ ਤੇ ਜਲੰਧਰ ਵਿਚ ਪ੍ਰਾਈਵੇਟ ਸਕੂਲ-ਕਾਲਜ ਬੰਦ ਹਨ। ਹਾਲਾਂਕਿ ਸਰਕਾਰੀ ਸਕੂਲਾਂ ਵਿਚ ਛੁੱਟੀ ਨਹੀਂ ਹੈ। ਕਿਸਾਨ ਯੂਨੀਅਨ ਵੱਲੋਂ ਵੀ ਬੰਦ ਦੀ ਹਮਾਇਤ ਕੀਤੀ ਗਈ ਹੈ ਤੇ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਨੇ ਟੋਲ ਫ੍ਰੀ ਰੱਖਣ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਪਰਵਿੰਦਰ ਝੋਟਾ ਦੇ 13 ਅਕਤੂਬਰ ਨੂੰ ਮਾਨਸਾ ਵਿਚ ਨਸ਼ਾ ਵੇਚਣ ਦਾ ਵਿਰੋਧ ਕਰਨ ‘ਤੇ ਫੇਸਬੁੱਕ ਲਾਈਵ ਦੌਰਾਨ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਅਸ਼ਵਨੀ ਨੂੰ ਪੁਲਿਸ ਰਾਜਸਥਾਨ ਤੋਂ ਗ੍ਰਿਫਤਾਰ ਕਰ ਚੁੱਕੀ ਹੈ। ਉਸ ਦੇ ਘਰ ਤੇ ਦੁਕਾਨ ‘ਤੇ ਵੀ ਬੁਲਡੋਜ਼ਰ ਚਲਾਇਆ ਗਿਆ ਹੈ। ਪਰਵਿੰਦਰ ਝੋਟਾ ਦੇ ਪਰਿਵਾਰ ਨੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰਦਿੱਤਾ ਹੈ ਤੇ ਨਾਲ ਹੀ ਉਨ੍ਹਾਂ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।












