ਅਮਰੀਕਾ ਦੇ ਫਲੋਰਿਡਾ ਵਿਚ ਇਕ ਬਿਜ਼ਨੈੱਸ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 9 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਜਹਾਜ਼ ਟੈਕਸਾਸ ਤੋਂ ਬਹਾਮਾਸ ਜਾ ਰਿਹਾ ਸੀ।
ਹਾਦਸੇ ਤੋਂ ਕੁਝ ਦੇਰ ਪਹਿਲਾਂ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਦੱਸਿਆ ਕਿ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਹੈ। ਇਸ ਦੇ ਕੁਝ ਹੀ ਦੇਰ ਬਾਅਦ ਜਹਾਜ਼ ਸੜਕ ਦੇ ਕੋਲ ਜ਼ਮੀਨ ਨਾਲ ਟਕਰਾ ਗਿਆ। ਟੱਕਰ ਹੁੰਦੇ ਹੀ ਜ਼ੋਰਦਾਰ ਧਮਾਕਾ ਹੋਇਆ ਤੇ ਜਹਾਜ਼ ਅੱਗ ਦੇ ਗੋਲੇ ਵਿਚ ਬਦਲ ਗਿਆ। ਹਾਦਸੇ ਨਾਲ ਜ਼ਮੀਨ ‘ਚ ਵੱਡਾ ਟੋਇਆ ਬਣ ਗਿਆ ਤੇ ਆਸ-ਪਾਸ ਦੇ ਇਲਾਕੇ ਵਿਚ ਅੱਗ ਫੈਲ ਗਈ। ਇਹ ਜਗ੍ਹਾ ਰਾਸ਼ਟਰਪਤੀ ਟਰੰਪ ਦੇ ਮਾਰ-ਏ-ਲਾਗੋ ਰਿਹਾਇਸ਼ ਤੋਂ ਲਗਭਗ 14 ਕਿਲੋਮੀਟਰ ਦੂਰੀ ਹੈ।
ਏਅਰ ਟ੍ਰੈਫਿਕ ਕੰਟਰੋਲਰ ਤੇ ਪਾਇਲਟ ਦੇ ਵਿਚ ਗੱਲਬਾਤ ਦੀ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਵਿਚ ਪਾਇਲਟ ਨੇ ਦੱਸਿਆ ਕਿ ਮੌਸਮ ਖਰਾਬ ਹੋ ਰਿਹਾ ਹੈ। ਜਹਾਜ਼ ਵਿਚ ਬਰਫ ਜੰਮ ਰਹੀ ਹੈ ਤੇ ਤੇਜ਼ ਝਟਕੇ ਲੱਗ ਰਹੇ ਹਨ। ਹਾਲਾਤ ਵਿਗੜਨ ‘ਤੇ ਪਾਇਲਟ ਨੇ 2 ਹਜ਼ਾਰ ਫੁੱਟ ਹੋਰ ਉਚਾਈ ‘ਤੇ ਜਾਣ ਦੀ ਇਜਾਜ਼ਤ ਮੰਗੀ। ਇਸੇ ਦੌਰਾਨ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗਣ ਲੱਗਾ। ਹਾਲਾਤ ਵਿਗੜਦੇ ਦੇਖ ਪਾਇਲਟ ਨੇ ਐਮਰਜੈਂਸੀ ਐਲਾਨ ਦਿੱਤੀ।
ਜਹਾਜ਼ ਹਾਦਸੇ ਤੋਂ ਪਹਿਲਾਂ 3 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡ ਰਿਹਾ ਸੀ। ਹੇਠਾਂ ਡਿਗਦੇ ਸਮੇਂ ਜਹਾਜ਼ ਦੀ ਅਧਿਕਤਮ ਰਫਤਾਰ 30 ਹਜ਼ਾਰ ਫੁੱਟ ਪ੍ਰਤੀ ਮਿੰਟ ਤੱਕ ਪਹੁੰਚ ਗਈ। ਅਮਰੀਕੀ ਟਰਾਂਸਪੋਰਟ ਮੰਤਰੀ ਸੀਨ ਡਫੀ ਨੇ ਦੱਸਿਆ ਕਿ ਇਹ ਹਾਦਸਾ ਦੁਪਹਿਰ 12 ਵਜ ਕੇ 50 ਮਿੰਟ ‘ਤੇ ਹੋਇਆ। ਉਨ੍ਹਾਂ ਨੇ ਇਸ ਨੂੰ ਬੇਹੱਦ ਦਰਦਨਾਕ ਹਾਦਸਾ ਦੱਸਿਆ। ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਜਾਂਚ ਵਿਚ ਮਦਦ ਲਈ ਆਪਣੀ ਟੀਮ ਭੇਜ ਰਿਹਾ ਹੈ। ਇਹ ਟੀਮ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨਾਲ ਮਿਲ ਕੇ ਹਾਦਸੇ ਦੀ ਜਾਂਚ ਕਰੇਗੀ।












