ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਸ਼ੂਟਰ ਰਾਜ ਸਿੰਘ ਉਰਫ਼ ਰਾਜੂ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ ਹੈ। ਸੋਮਵਾਰ ਦੇਰ ਰਾਤ ਉਸ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਸੀਨੇ ‘ਚ ਦਰਦ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਰਾਜੂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਥਾਣਾ ਸੁਧਾਰ ਦੇ ਐਸਐਚਓ ਰਵਿੰਦਰਪਾਲ ਸਿੰਘ ਅਨੁਸਾਰ ਸੋਮਵਾਰ ਰਾਤ ਮੁਲਜ਼ਮ ਰਾਜ ਸਿੰਘ ਦੇ ਬਲੱਡ ਪ੍ਰੈਸ਼ਰ ‘ਚ ਕਮੀ ਆਉਣ ਦੀ ਸ਼ਿਕਾਇਤ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਪਹਿਲਾਂ ਸੁਧਾਰ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਗਲੋਬਲ ਹਾਰਟ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਰਾਜ ਸਿੰਘ ਉਰਫ਼ ਰਾਜੂ ਮੂਲ ਰੂਪ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਮਾਛੀਵਾੜਾ ਦਾ ਰਹਿਣ ਵਾਲਾ ਸੀ।
28 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਈ ਸੀ ਫਾਇਰਿੰਗ
ਜ਼ਿਕਰਯੋਗ ਹੈ ਕਿ 28 ਅਕਤੂਬਰ ਦੀ ਤੜਕਸਾਰ ਕਰੀਬ 3:15 ਵਜੇ ਪਿੰਡ ਰਾਜੋਆਣਾ ਕਲਾਂ ਸਥਿਤ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਹਮਲਾਵਰਾਂ ਨੇ ਗੋਲੀਬਾਰੀ ਕੀਤੀ ਸੀ। ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਦੇ ਰਿਹਾਇਸ਼ੀ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਸਨ।
ਇਸ ਦੌਰਾਨ ਇੱਕ ਗੋਲੀ ਸ਼ੀਸ਼ੇ ਤੇ ਲੱਕੜ ਦੇ ਦਰਵਾਜ਼ੇ ਨੂੰ ਚੀਰਦੀ ਹੋਈ ਕੰਧ ‘ਚ ਜਾ ਲੱਗੀ ਸੀ। ਘਟਨਾ ਸਮੇਂ ਬਾਬਾ ਬਲਦੇਵ ਸਿੰਘ ਬਾਥਰੂਮ ‘ਚ ਇਸ਼ਨਾਨ ਕਰ ਰਹੇ ਸਨ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ ਸਨ।












