ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦਾ ਅੰਤਿਮ ਸੰਸਕਾਰ ਕੱਲ੍ਹ ਦੀਵਾਲੀ ਵਾਲੇ ਦਿਨ ਕੀਤਾ ਜਾਵੇਗਾ। ਉਸ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਖੇਤ ਵਿੱਚ ਕੀਤੀਆਂ ਜਾਣਗੀਆਂ। ਉਸ ਨੂੰ ਚਕੇਰੀਆ ਰੋਡ ‘ਤੇ ਸਥਿਤ ਇਸ ਸਥਾਨ ‘ਤੇ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਐਕਸ਼ਨ ਕਮੇਟੀ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਪਹਿਲਾਂ ਉਸ ਦੇ ਘਰ ਰੱਖਿਆ ਜਾਵੇਗਾ ਅਤੇ ਫਿਰ ਪ੍ਰਦਰਸ਼ਨ ਵਾਲੀ ਥਾਂ ‘ਤੇ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਝੋਟਾ ਦਾ ਪੋਸਟਮਾਰਟਮ ਚੰਡੀਗੜ੍ਹ ਦੇ ਪੀਜੀਆਈ ਵਿਖੇ ਕੀਤਾ ਗਿਆ। ਕੱਲ੍ਹ ਸਵੇਰੇ 5 ਵਜੇ ਮ੍ਰਿਤਕ ਦੇਹ PGI ਤੋਂ ਮਾਨਸਾ ਲਿਜਾਈ ਜਾਵੇਗੀ। ਪਰਵਿੰਦਰ ਸਿੰਘ ਝੋਟਾ ਦੇ ਅੰਤਿਮ ਸਸਕਾਰ ਨੂੰ ਲੈ ਕੇ ਉਸ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ PGI ‘ਚ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਹੋ ਗਿਆ ਹੈ, ਭਲਕੇ ਝੋਟੇ ਦੀ ਦੇਹ ਨੂੰ ਸਵੇਰੇ 5 ਵਜੇ PGI ਤੋਂ ਲੈ ਕੇ ਮਾਨਸਾ ਲਈ ਰਵਾਨਾ ਹੋਵਾਂਗੇ। ਦੇਹ ਨੂੰ ਪਹਿਲਾ ਅਸੀਂ ਆਪਣੇ ਘਰ ਲਿਜਾਵਾਂਗੇ, ਭਲਕੇ ਹੀ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਾਪੂ ਭੀਮ ਸਿੰਘ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਪਰਵਿੰਦਰ ਝੋਟਾ ਦਾ ਸਸਕਾਰ ਕੱਲ੍ਹ ਦੀਵਾਲੀ ‘ਤੇ ਇਸ ਲਈ ਰੱਖਿਆ ਗਿਆ ਹੈ, ਤਾਂ ਜੋ ਪੰਜਾਬ ਦੇ ਨੌਜਵਾਨ ਇਹ ਪ੍ਰਣ ਲੈਣ ਕਿ ਉਹ ਨਸ਼ਿਆਂ ਦਾ ਤਿਆਗ ਕਰਨਗੇ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਝੋਟਾ ਦੇ ਸਸਕਾਰ ਤੋਂ ਬਾਅਦ ਪੰਜਾਬ ‘ਚ ਕੋਈ ਨਸ਼ਾ ਨਾ ਕਰੇ। ਅਸੀਂ ਪੰਜਾਬ ‘ਚੋਂ ਨਸ਼ਿਆਂ ਨੂੰ ਦੂਰ ਕਰਨਾ ਹੈ।






