ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਇੰਦੌਰ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਗੀਤਾਂ ‘ਤੇ ਲੱਗੀ ਪਾਬੰਦੀ ਖਿਲਾਫ਼ ਦਿੱਤੇ ਬਿਆਨ ਤੋਂ ਬਾਅਦ ਹੁਣ ਸਹਾਇਕ ਪ੍ਰੋਫੈਸਰ ਅਤੇ ਸਮਾਜ ਸੇਵੀ ਪੰਡਿਤ ਰਾਓ ਧਰੇਨਵਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।
ਦਰਅਸਲ, ਦਿਲਜੀਤ ਦੋਸਾਂਝ ਵੱਲੋਂ ਸਟੇਜ ਤੋਂ ਰਾਹਤ ਇੰਦੌਰੀ ਦਾ ਸ਼ੇਅਰ ਸੁਣਾ ਕੇ ਇਸ ਪਾਬੰਦੀ ‘ਤੇ ਨਾਰਾਜ਼ਗੀ ਜ਼ਾਹਰ ਕਰਨ ਮਗਰੋਂ ਹੁਣ ਧਰੇਨਵਰ ਨੇ ਗਾਇਕ ‘ਤੇ ਗੁਰਬਾਣੀ ਸਿਧਾਂਤਾਂ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਗਾਏ ਹਨ।
ਪੰਡਿਤ ਰਾਓ ਧਰੇਨਵਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 820 ‘ਤੇ ਬਿਲਾਵਲ ਰਾਗ ਵਿੱਚ ਦਰਜ ਪਵਿੱਤਰ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਅਜਿਹੇ ਗੀਤ ਸੁਣਨ ਅਤੇ ਗਾਉਣ ਤੋਂ ਵਰਜਿਆ ਹੈ, ਜਿਨ੍ਹਾਂ ਵਿੱਚ ਪਰਮਾਤਮਾ ਦੀ ਉਸਤਤ ਨਾ ਹੋਵੇ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੋਂ ਬੇਮੁਖ ਹੋ ਚੁੱਕੇ ਹਨ, ਇਸੇ ਲਈ ਉਹ ਇੰਦੌਰ ਦੇ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਵਿਖੇ ਨਤਮਸਤਕ ਹੋਣ ਨਹੀਂ ਗਏ। ਆਪਣੇ ਬਿਆਨ ਵਿੱਚ ਪੰਡਿਤ ਰਾਓ ਨੇ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਖੁਦ ਆਖਦੇ ਹਨ ਕਿ ਅਜਿਹੇ ਗ਼ਲਤ ਗੀਤ ਨਹੀਂ ਗਾਉਣੇ ਚਾਹੀਦੇ, ਪਰ ਫਿਰ ਵੀ ਦਿਲਜੀਤ ਦੋਸਾਂਝ ਮੰਚ ‘ਤੇ ਖੜ੍ਹੇ ਹੋ ਕੇ ਇਨ੍ਹਾਂ ਗੀਤਾਂ ਦੀ ਵਕਾਲਤ ਕਰ ਰਹੇ ਹਨ।”
‘ਵਿਦੇਸ਼ੀ ਨਾਗਰਿਕ ਹਨ ਦਿਲਜੀਤ’
ਪੰਡਿਤ ਰਾਓ ਇਸ ਤੋਂ ਪਹਿਲਾਂ ਵੀ ਵੱਖ-ਵੱਖ ਗਾਇਕਾਂ ਦੇ ਸ਼ੋਅ ਦੌਰਾਨ ਨਸ਼ੇ ਵਾਲੇ ਗੀਤਾਂ ਨੂੰ ਰੋਕਣ ਲਈ ਸਥਾਨਕ ਪ੍ਰਸ਼ਾਸਨ ਨੂੰ ਲਿਖਦੇ ਰਹਿੰਦੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅਜਿਹੇ ਗਾਇਕ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਅਮੀਰ ਸੱਭਿਆਚਾਰ ਤੋਂ ਤੋੜ ਕੇ ਸ਼ਰਾਬ ਅਤੇ ਨਸ਼ਿਆਂ ਨਾਲ ਜੋੜ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਪੂਰੇ ਦੇਸ਼ ਵਿੱਚ ‘ਨਸ਼ਾ ਮੁਕਤ ਭਾਰਤ ਅਭਿਆਨ’ ਅਤੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ, ਤਾਂ ਉਸ ਵੇਲੇ ਮੰਚ ਤੋਂ ਸ਼ਰਾਬ ਅਤੇ ਅਫੀਮ ਵਾਲੇ ਗੀਤ ਗਾਉਣਾ ਬੇਹੱਦ ਗੈਰ-ਜ਼ਿੰਮੇਵਾਰਾਨਾ ਹੈ। ਉਨ੍ਹਾਂ ਦਿਲਜੀਤ ਦੀ ਨਾਗਰਿਕਤਾ ‘ਤੇ ਸਵਾਲ ਚੁੱਕਦਿਆਂ ਕਿਹਾ, “ਉਹ ਹੁਣ ਅਮਰੀਕਾ ਦੇ ਨਾਗਰਿਕ ਹਨ, ਇਸ ਲਈ ਉਨ੍ਹਾਂ ਨੂੰ ਸਾਡੇ ਦੇਸ਼ ਦੀਆਂ ਨੀਤੀਆਂ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਮਹੱਤਤਾ ਦਾ ਅਹਿਸਾਸ ਨਹੀਂ ਹੈ।”












