ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਲਈ ਸਿਰਫ਼ ਇੱਕ ਹਫ਼ਤਾ ਬਾਕੀ ਹੈ। ਅਜਿਹੇ ‘ਚ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ‘ਚ ਪੂਰਾ ਜ਼ੋਰ ਲਗਾ ਰਹੀਆਂ ਹਨ। ਕੇਜਰੀਵਾਲ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੀਆ ਸਿਆਸੀ ਪਾਰਟੀ ਤੇ ਸ਼ਬਦੀ ਹਮਲਾ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ “ਇਹ ਸਭ ਮੈਨੂੰ ਗਾਲ੍ਹਾਂ ਹੀ ਕੱਢ ਰਹੇ ਹਨ। ਅਮਿਤ ਸ਼ਾਹ ਜੀ ਨੇ ਅੱਜ ਮੈਨੂੰ ਬਹੁਤ ਗਾਲ੍ਹਾਂ ਕੱਢੀਆਂ। ਚੰਨੀ ਸਾਹਿਬ, ਸੁਖਬੀਰ ਬਾਦਲ ਮੈਨੂੰ ਰੋਜ਼ ਗਾਲ੍ਹਾਂ ਕੱਢਦੇ ਹਨ। ਉਹ ਇੱਕ ਦੂਜੇ ਨੂੰ ਗਾਲ੍ਹਾਂ ਨਹੀਂ ਕੱਢਦੇ, ਉਹ ਸਿਰਫ਼ ਮੈਨੂੰ ਗਾਲ੍ਹਾਂ ਕੱਢਦੇ ਹਨ। ਮੇਰੀ ਗਲਤੀ? ਮੈਂ ਪੰਜਾਬ ਦੇ ਸਕੂਲ, ਹਸਪਤਾਲ, ਬਿਜਲੀ, ਪਾਣੀ ਠੀਕ ਕਰਨਾ ਚਾਹੁੰਦਾ ਹਾਂ, ਰੁਜ਼ਗਾਰ ਦੇਣਾ ਚਾਹੁੰਦਾ ਹਾਂ।

ਦਸ ਦਈਏ ਕਿ ਚੋਣ ਪ੍ਰਚਾਰ ਲਈ ਸਾਰੀਆਂ ਪਾਰਟੀਆਂ ਦੇ ਦਿੱਗਜ ਆਗੂ ਪੰਜਾਬ ਪਹੁੰਚ ਰਹੇ ਹਨ। ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਨਾਲ ਹੋਈ ਹੈ।ਕੇਜਰੀਵਾਲ ਅਗਲੇ 7 ਦਿਨ ਪੰਜਾਬ ‘ਚ ਰਹਿਣਗੇ ਅਤੇ ਚੋਣ ਪ੍ਰਚਾਰ ਕਰਨਗੇ । ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਕੀਤਾ।












