ਚੰਡੀਗੜ੍ਹ: ਪੰਜਾਬ ’ਚ ਵਧਦੇ ਨਸ਼ੇ ਦੀ ਵਰਤੋਂ ਨੂੰ ਰੋਕਣ ਲਈ ਪੀਜੀਆਈ ਚੰਡੀਗਡ਼੍ਹ ਨੇ ਰੋਡਮੈਪ ਤਿਆਰ ਕੀਤਾ ਹੈ।ਤਾਂਕਿ ਪੰਜਾਬ ’ਚ ਇਹ ਰੋਡਮੈਪ ਲਾਗੂ ਕਰ ਕੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ। ਇਸ ਰੋਡਮੈਪ ਨੂੰ ਪ੍ਰੋਫੈਸਰ ਜੇਐੱਸ ਠਾਕੁਰ ਨੇ ਪੀਜੀਆਈ ਦੇ ਨਿਰਦੇਸ਼ਕ ਪ੍ਰੋ. ਸੁਰਜੀਤ ਸਿੰਘ ਤੇ ਡੀਐੱਚਐੱਸ ਪੰਜਾਬ ਡਾ. ਜੀਬੀ ਸਿੰਘ ਦੀ ਮੌਜੂਦਗੀ ’ਚ ਪੰਜਾਬ ਰਾਜ ਭਵਨ ’ਚ ਇਸ ਰੋਡਮੈਪ ਨੂੰ ਪੰਜਾਬ ਦੇ ਗਵਰਨਰ ਤੇ ਚੰਡੀਗਡ਼੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਹੱਥੋਂ ਰਿਲੀਜ਼ ਕਰਵਾਇਆ।
ਪ੍ਰੋ. ਜੇਐੱਸ ਠਾਕੁਰ ਨੇ ਦੱਸਿਆ ਕਿ ਪੰਜਾਬ ਦੀ ਕੁਲ ਆਬਾਦੀ ਦਾ 15.4 ਫ਼ੀਸਦੀ ਲੋਕ ਕੋਈ ਨਾ ਕੋਈ ਨਸ਼ਾ ਕਰਦੇ ਹਨ। ਜਿਸ ‘ਚ ਸਭ ਤੋਂ ਵੱਧ ਨਸ਼ਾ ਸ਼ਰਾਬ ਤੇ ਤੰਬਾਕੂ ਦਾ ਹੁੰਦਾ ਹੈ। ਅੰਕਡ਼ਿਆਂ ਮੁਤਾਬਕ ਇਸ ਸਮੇਂ ਪੰਜਾਬ ’ਚ 20 ਲੱਖ ਤੋਂ ਵੱਧ ਲੋਕ ਅਜਿਹੇ ਹਨ, ਜੋ ਰੋਜ਼ਾਨਾ ਸ਼ਰਾਬ ਦਾ ਸੇਵਨ ਕਰਦੇ ਹਨ। ਇਸ ਤੋਂ ਬਾਅਦ ਪੰਜਾਬ ’ਚ ਤੰਬਾਕੂ ਦੂਜਾ ਵੱਡਾ ਨਸ਼ਾ ਹੈ। 10.50 ਲੱਖ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ, ਇਸ ਤੋਂ ਇਲਾਵਾ 1.7 ਲੱਖ ਲੋਕ ਦੂਜੀ ਤਰ੍ਹਾਂ ਦਾ ਨਸ਼ਾ ਕਰਦੇ ਹਨ। ਪ੍ਰੋ. ਜੇਐੱਸ ਠਾਕੁਰ ਨੇ ਕਿਹਾ ਕਿ ਪੀਜੀਆਈ ਨੇ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ ਜੋ ਰੋਡਮੈਪ ਤਿਆਰ ਕੀਤਾ ਹੈ, ਉਸ ਨੂੰ ਹਰ ਜ਼ਿਲ੍ਹੇ ’ਚ ਬਲਾਕ ਤੇ ਤਹਿਸੀਲ ਪੱਧਰ ’ਤੇ ਲਾਗੂ ਕਰਨਾ ਪਵੇਗਾ ਤਾਂ ਜਾ ਕੇ ਪੰਜਾਬ ਨੂੰ ਨਸ਼ੇ ਦੀ ਗ੍ਰਿਫ਼ਤ ਤੋਂ ਬਚਾਇਆ ਜਾ ਸਕਦਾ ਹੈ।












