ਪੰਜਾਬ ਦੇ ਮਸ਼ਹੂਰ ਰੂਹਾਨੀ ਗਾਇਕ ਸਤਿੰਦਰ ਸਰਤਾਜ ਆਪਣੇ ਗਾਣਿਆਂ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੇ ਆ ਰਹੇ ਹਨ। ਉਹਨਾਂ ਨੇ ਅੱਜ ਤਕ ਜਿੰਨੇ ਗਾਣੇ ਕੀਤੇ ਹਨ ਸਭ ਨੇ ਦਰਸ਼ਕਾਂ ਦੇ ਦਿਲਾਂ ਤੇ ਇਕ ਵੱਖਰੀ ਛਾਪ ਛੱਡੀ ਹੈ। ਹਾਲ ਹੀ ਦੇ ਵਿਚ ਉਨ੍ਹਾਂ ਦਾ ਨਵਾਂ ਗੀਤ ‘ਨਦਾਨ ਜਿਹੀ ਆਸ’ (Nadaan Jehi Aas)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ ।
ਇਸ ਗੀਤ ‘ਚ ਇੱਕ ਅਜਿਹੀ ਕੁੜੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਫੁਲਵਹਿਰੀ ਦੇ ਨਾਲ ਪੀੜਤ ਹੁੰਦੀ ਹੈ ਅਤੇ ਉਸ ‘ਚ ਆਤਮ ਵਿਸ਼ਵਾਸ ਦੀ ਘਾਟ ਹੁੰਦੀ ਹੈ ਕਿਉਂਕਿ ਇਸ ਬੀਮਾਰੀ ਦੇ ਕਾਰਨ ਉਹ ਦੁਨੀਆ ਦੇ ਸਾਹਮਣੇ ਨਹੀਂ ਆ ਪਾਉਂਦੀ ਪਰ ਜਦੋਂ ਕੋਈ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੰਦਾ ਹੈ ਅਤੇ ਉਸ ਨੂੰ ਹੱਲਾਸ਼ੇਰੀ ਦਿੰਦਾ ਹੈ ਤਾਂ ਉਹ ਵੀ ਅੱਗੇ ਆਉਂਦੀ ਹੈ ਅਤੇ ਖੁਦ ‘ਚ ਛਿਪੇ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਵਿਖਾਉਂਦੀ ਹੈ ।
ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਸਤਿੰਦਰ ਸਰਤਾਜ ਨੇ ਕੀਤੀ ਹੈ ਕਿ ਸਮਾਜ ‘ਚ ਸਿਰਫ਼ ਸੋਹਣਾਪਣ ਵੇਖ ਕੇ ਹੀ ਕਿਸੇ ਦੀ ਪ੍ਰਤਿਭਾ ਦਾ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ । ਸਗੋਂ ਉਸ ਵਿਚਲੇ ਗੁਣਾਂ ਨੂੰ ਪਛਾਨਣਾ ਚਾਹੀਦਾ ਹੈ । ਸਤਿੰਦਰ ਸਰਤਾਜ ਨੇ ਵੀ ਆਪਣੇ ਗੀਤ ‘ਚ ਇਸ ਬੀਮਾਰੀ ਦੇ ਨਾਲ ਪੀੜਤ ਮਾਡਲ ਨੂੰ ਵਿਖਾ ਕੇ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।













