ਕੀਵ : – ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 13ਵਾਂ ਦਿਨ ਹੈ। ਰੂਸ ਅਤੇ ਯੂਕਰੇਨ ਇੱਕ ਦੂਜੇ ਉੱਤੇ ਜਵਾਬੀ ਹਮਲੇ ਕਰਦੇ ਰਹਿੰਦੇ ਹਨ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਦਾਅਵਾ ਹੈ ਕਿ 13 ਦਿਨਾਂ ਤੱਕ ਚੱਲੀ ਜੰਗ ਵਿੱਚ ਰੂਸ ਦੇ ਉਹ ਹਥਿਆਰ ਨਸ਼ਟ ਹੋਏ ਹਨ, ਜੋ 30 ਸਾਲਾਂ ਵਿੱਚ ਵੀ ਨਹੀਂ ਹੋਏ। ਦੂਜੇ ਪਾਸੇ ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੇ ਜ਼ੇਲੇਨਸਕੀ ਨੂੰ ਕਿਸੇ ਵੀ ਕੀਮਤ ‘ਤੇ ਜੰਗ ਰੋਕਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਯੂਕਰੇਨ ਦਾ ਦਾਅਵਾ ਹੈ ਕਿ ਹੁਣ ਤੱਕ 12,000 ਤੋਂ ਵੱਧ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ, ਨਾਲ ਹੀ 303 ਰੂਸੀ ਟੈਂਕ ਅਤੇ 48 ਲੜਾਕੂ ਜਹਾਜ਼ ਤਬਾਹ ਹੋ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਦੁਨੀਆ ਇਸ ਤਰ੍ਹਾਂ ਦੂਰ ਖੜੀ ਦੇਖਦੀ ਰਹੀ ਤਾਂ ਅਸੀਂ ਸਾਰੇ ਹਾਰ ਜਾਵਾਂਗੇ। ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਦੁਨੀਆ ਨੂੰ ਸਾਨੂੰ ਬਚਾਉਣਾ ਚਾਹੀਦਾ ਹੈ|
ਰੂਸੀ ਫੌਜ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸੇ ਸਿਲਸਿਲੇ ‘ਚ ਸੁਮੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ‘ਤੇ ਮਿਜ਼ਾਈਲ ਹਮਲਾ ਕੀਤਾ ਗਿਆ, ਜਿਸ ‘ਚ ਦੋ ਬੱਚਿਆਂ ਸਮੇਤ 10 ਲੋਕ ਮਾਰੇ ਗਏ। ਰੂਸੀ ਬੰਬਾਰੀ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਯੂਕਰੇਨ ਛੱਡ ਰਹੇ ਹਨ। ਇਨ੍ਹਾਂ ਵਿੱਚ ਬੱਚੇ, ਬਜ਼ੁਰਗਾਂ ਤੋਂ ਲੈ ਕੇ ਬਿਮਾਰ ਤੱਕ ਸ਼ਾਮਲ ਹਨ। ਇਸ ਤਸਵੀਰ ਨੂੰ ਦੇਖ ਕੇ ਤੁਸੀਂ ਸਮਝ ਸਕੋਗੇ ਕਿ ਅੱਖਾਂ ‘ਚ ਸਿਰਫ਼ ਹੰਝੂ ਹੀ ਰਹਿ ਗਏ ਹਨ, ਜੋ ਕੱਲ੍ਹ ਤੱਕ ਬਿਹਤਰ ਜ਼ਿੰਦਗੀ ਦਾ ਸੁਪਨਾ ਦੇਖਦੇ ਹਨ।












