ਦਿੱਲੀ ਦੇ ਗੋਕੁਲਪੁਰੀ ਇਲਾਕੇ ਵਿੱਚ ਸਥਿਤ ਝੁੱਗੀ ਬਸਤੀ ਵਿੱਚ ਸ਼ੁੱਕਰਵਾਰ ਦੇਰ ਰਾਤ ਅੱਗ ਲੱਗ ਗਈ। ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੋਕੁਲਪੁਰੀ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਮਰਨ ਵਾਲੇ ਬਾਲਗ ਦੇ ਵਾਰਸਾਂ ਨੂੰ 10 ਲੱਖ ਰੁਪਏ, ਬੱਚਿਆਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਇਸ ਦੇ ਨਾਲ ਹੀ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ 25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਦਸ ਦਈਏ ਕਿ ਅੱਗ ਇੰਨੀ ਭਿਆਨਕ ਸੀ ਕਿ 60 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਕਾਫੀ ਮੁਸ਼ੱਕਤ ਤੋਂ ਬਾਅਦ ਸਵੇਰੇ 4 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਦਿੱਲੀ ਫਾਇਰ ਟੀਮ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਸੇਵਾ ਦੌਰਾਨ 7 ਸੜੀਆਂ ਹੋਈਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਤੋਂ ਜਾਪਦਾ ਸੀ ਕਿ ਇਹ ਲੋਕ ਸੁੱਤੇ ਪਏ ਸਨ ਅਤੇ ਉਨ੍ਹਾਂ ਕੋਲ ਬਚਣ ਦਾ ਕੋਈ ਰਸਤਾ ਨਹੀਂ ਸੀ ਕਿਉਂਕਿ ਅੱਗ ਬਹੁਤ ਤੇਜ਼ੀ ਨਾਲ ਫੈਲ ਚੁੱਕੀ ਸੀ। ਅਸੀਂ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ ਹਾਂ।











