ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਅੱਜ ਆਪਣੇ ਜਨਮਦਿਨ ਦੇ ਜਸ਼ਨ ‘ਚ ਡੁੱਬੀ ਹੋਈ ਹੈ। ਅਦਾਕਾਰਾ ਅੱਜ 35 ਸਾਲ ਦੀ ਹੋ ਗਈ ਹੈ। ਅਜਿਹੇ ‘ਚ ਉਨ੍ਹਾਂ ਨੇ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਅਤੇ ਜਸ਼ਨ ਦੀ ਸ਼ੁਰੂਆਤ ਕੀਤੀ। ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ ਕਿ ‘ਅੱਜ ਮੈਂ ਆਪਣੇ ਬਰਥਡੇ ਦੇ ਮੌਕੇ ‘ਤੇ ਸ਼੍ਰੀ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨਾਂ ਦੇ ਲਈ ਆਈ ਹਾਂ, ਜਨਮ ਦਿਨ ‘ਤੇ ਤੁਹਾਡੇ ਸਭ ਵੱਲੋਂ ਦਿੱਤੀਆਂ ਦੁਆਵਾਂ ਅਤੇ ਆਸ਼ੀਰਵਾਦ ਦੇ ਲਈ ਮੈਂ ਸਭ ਦਾ ਧੰਨਵਾਦ ਕਰਦੀ ਹਾਂ’।
ਕੰਗਨਾ ਰਣੌਤ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਜਿਹਾ ਲੱਗ ਗਿਆ ਅਤੇ ਉਸ ਦੇ ਪ੍ਰਸ਼ੰਸਕਾਂ ਦੇ ਨਾਲ –ਨਾਲ ਕਈ ਸੈਲੀਬ੍ਰੇਟੀਜ਼ ਵੱਲੋਂ ਵੀ ਉਸ ਨੂੰ ਵਧਾਈ ਦਿੱਤੀ ਜਾ ਰਹੀ ਹੈ ।ਕੰਗਨਾ ਰਣੌਤ ਨੇ 16 ਸਾਲ ਦੀ ਉਮਰ ਵਿੱਚ ਐਕਟਿੰਗ ਕਰਨ ਲਈ ਆਪਣਾ ਘਰ ਛੱਡ ਦਿੱਤਾ ਸੀ। ਕੰਗਨਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਸ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਉਹ 12ਵੀਂ ਜਮਾਤ ‘ਚ ਹੀ ਫੇਲ ਹੋ ਗਈ। ਇਸ ਤੋਂ ਬਾਅਦ ਉਸ ਦਾ ਆਪਣੇ ਮਾਤਾ-ਪਿਤਾ ਨਾਲ ਝਗੜਾ ਹੋ ਗਿਆ ਅਤੇ ਉਹ ਦਿੱਲੀ ਆ ਗਈ। ਅੱਜ ਕੱਲ੍ਹ ਕੰਗਨਾ ਆਪਣੇ ਸ਼ੋਅ ਲਾਕ ਅੱਪ ਨੂੰ ਲੈ ਕੇ ਖੂਬ ਸੁਰਖੀਆਂ ਵਟੋਰ ਰਹੀ ਹੈ ।

ਕੋਈ ਸਮਾਂ ਹੁੰਦਾ ਸੀ ਕਿ ਕੰਗਨਾ ਬਾਲੀਵੁੱਡ ‘ਚ ਜਗ੍ਹਾ ਬਨਾਉਣ ਦੇ ਲਈ ਕਾਫੀ ਸੰਘਰਸ਼ ਕਰ ਰਹੀ ਸੀ । ਪਰ ਬਾਲੀਵੁੱੱਡ ‘ਚ ਕੋਈ ਵੀ ਉਸ ਦੀ ਬਾਂਹ ਫੜਨ ਵਾਲਾ ਨਹੀਂ ਸੀ, ਪਰ ਆਪਣੇ ਸੰਘਰਸ਼ ਦੀ ਬਦੌਲਤ ਉਸ ਨੇ ਬਾਲੀਵੁੱਡ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ।ਅੱਜ ਉਹ ਬਾਲੀਵੁੱਡ ਦੀ ਕਵੀਨ ਬਣ ਚੁੱਕੀ ਹੈ । ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਦੇ ਕਾਰਨ ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ । ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਦੱਸ ਕੇ ਖੂਬ ਵਿਵਾਦਾਂ ‘ਚ ਘਿਰੀ ਰਹੀ ਸੀ । ਜਿਸ ਤੋਂ ਬਾਅਦ ਕੰਗਨਾ ਦੀ ਕਾਫੀ ਕਿਰਕਿਰੀ ਵੀ ਹੋਈ ਸੀ । ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਤਨੂੰ ਵੈਡਸ ਮਨੂੰ, ਪੰਗਾ, ਫੈਸ਼ਨ ਸਣੇ ਕਈ ਫ਼ਿਲਮਾਂ ਕਾਰਨ ਚਰਚਾ ‘ਚ ਰਹੀ ਹੈ ।