ਨਵੀਂ ਦਿੱਲੀ : – ਲੰਬੀ ਚਰਚਾ ਅਤੇ ਵਿਸ਼ੇਸ਼ ਕਮੇਟੀ ਦੀ ਰਿਪੋਰਟ ਤੋਂ ਬਾਅਦ ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਰਹਿਣਗੇ। ਸੁਰਜੇਵਾਲਾ ਨੇ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਨੇ ਇਕ ਏਮਪਾਵਰਡ ਐਕਸ਼ਨ ਗਰੁੱਪ 2024 ਦਾ ਗਠਨ ਕੀਤਾ ਹੈ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਜ਼ਿੰਮੇਵਾਰੀ ਦਿੰਦੇ ਹੋਏ ਗਰੁੱਪ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਪਰ, ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅਸੀਂ ਉਨ੍ਹਾਂ ਦੇ ਯਤਨਾਂ ਅਤੇ ਪਾਰਟੀ ਨੂੰ ਦਿੱਤੇ ਸੁਝਾਵਾਂ ਦੀ ਸ਼ਲਾਘਾ ਕਰਦੇ ਹਾਂ।
ਪ੍ਰਸ਼ਾਂਤ ਨੇ ਲਿਖਿਆ- ਮੈਂ ਕਾਂਗਰਸ ਦੇ ਐਮਪਾਵਰਡ ਐਕਸ਼ਨ ਗਰੁੱਪ ਦਾ ਹਿੱਸਾ ਬਣਨ, ਪਾਰਟੀ ਵਿੱਚ ਸ਼ਾਮਲ ਹੋਣ ਅਤੇ ਚੋਣਾਂ ਦੀ ਜ਼ਿੰਮੇਵਾਰੀ ਲੈਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਮੇਰੇ ਹਿਸਾਬ ਨਾਲ ਪਾਰਟੀ ਦੀਆਂ ਅੰਦਰੂਨੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਂਗਰਸ ਨੂੰ ਮੇਰੇ ਨਾਲੋਂ ਵੱਧ ਲੀਡਰਸ਼ਿਪ ਅਤੇ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੈ।
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਏਮਪਾਵਰਡ ਐਕਸ਼ਨ ਗਰੁੱਪ ਤੈਅ ਕਰੇਗਾ ਕਿ 2024 ਦੀਆਂ ਲੋਕ ਸਭਾ ਚੋਣਾਂ ‘ਚ ਕੀ ਨੀਤੀ ਹੋਵੇਗੀ। 10 ਜਨਪਥ ‘ਤੇ ਹੋਈ ਮੀਟਿੰਗ ‘ਚ ਕਾਂਗਰਸ ਨੇ ਭਵਿੱਖ ਨੂੰ ਲੈ ਕੇ ਵੱਡਾ ਫੈਸਲਾ ਲਿਆ, ਜਿਸ ਤਹਿਤ ਕਾਂਗਰਸ ਵੱਲੋਂ 6 ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ।
ਮਲਿਕਾਰਜੁਨ ਖੜਗੇ, ਸਲਮਾਨ ਖੁਰਸ਼ੀਦ, ਪੀ ਚਿਦੰਬਰਮ, ਮੁਕੁਲ ਵਾਸਨਿਕ, ਭੁਪਿੰਦਰ ਸਿੰਘ ਹੁੱਡਾ ਅਤੇ ਅਮਰਿੰਦਰ ਸਿੰਘ ਵੜਿੰਗ ਇਨ੍ਹਾਂ ਸਾਰੀਆਂ ਛੇ ਕਮੇਟੀਆਂ ਦੇ ਵੱਖਰੇ ਕਨਵੀਨਰ ਵਜੋਂ ਕੰਮ ਕਰਨਗੇ।
ਪੀਕੇ ਨੇ ਕਾਂਗਰਸ ਨੂੰ 600 ਪੰਨਿਆਂ ਦੀ ਪੇਸ਼ਕਾਰੀ ਵੀ ਦਿੱਤੀ, ਜਿਸ ਵਿੱਚ ਇਹ ਦੱਸਿਆ ਗਿਆ ਕਿ ਸੱਤਾ ਵਿੱਚ ਵਾਪਸੀ ਲਈ ਪਾਰਟੀ ਨੂੰ ਕੀ ਕਰਨਾ ਪਵੇਗਾ। ਹਾਲਾਂਕਿ, ਕਾਂਗਰਸ ਦੇ ਕਈ ਦਿੱਗਜ਼ ਪਹਿਲਾਂ ਹੀ ਪ੍ਰਸ਼ਾਂਤ ਨੂੰ ਦੂਰ ਕਰ ਚੁੱਕੇ ਹਨ। ਉਹ ਖੁਦ ਹੈਦਰਾਬਾਦ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਦੇ ਘਰ 2 ਦਿਨਾਂ ਤੋਂ ਡੇਰੇ ਲਾਏ ਹੋਏ ਸਨ।












