ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਸਵੇਰੇ 8 ਵਜੇ ਦੇ ਕਰੀਬ ਤਿੰਨ ਬਦਮਾਸ਼ਾਂ ਨੇ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਿਰੋਧ ਕਾਰਨ 10 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਨੂੰ ਹਥਿਆਰਾਂ ਨਾਲ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਹੋਰ ਡਰਾਈਵਰਾਂ ਦੀ ਮੌਜੂਦਗੀ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਇਸ ਘਟਨਾ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ, ” ਪੰਜਾਬ ‘ਚ ਜੰਗਲ ਰਾਜ! ਪਿਛਲੇ 2 ਦਿਨਾਂ ‘ਚ 9 ਕਤਲ ਤੇ ਅੱਜ ਲੁਧਿਆਣਾ ਨੇੜੇ ਦਿਨ-ਦਿਹਾੜੇ ਇੱਕ ਹਾਈਵੇਅ ‘ਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਇੱਕ ਬੱਸ ਨੂੰ ਅਗਵਾ ਕਰਕੇ ਲੁੱਟ ਲਿਆ ਗਿਆ। ਭਗਵੰਤ ਮਾਨ ਦੀ ਸਰਕਾਰ ਪੂਰੀ ਤਰਾਂ ਫ਼ੇਲ੍ਹ ਸਾਬਤ ਹੋ ਰਹੀ ਹੈ। ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਹੈ।”
ਦੱਸ ਦਈਏ ਕਿ ਲੁੱਟ ਦੀ ਵਾਰਦਾਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਹਰੀਸ਼ ਬਹਿਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ, ਜਿੱਥੇ ਕਿ ਪਤਾ ਲੱਗਾ ਇਹ 3 ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲੁਟੇਰੇ ਕੰਡਕਟਰ ਤੋਂ 10000 ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।











