ਗੁਜਰਾਤ ਦੇ ਵਡੋਦਰਾ ਦੀ ਕਸ਼ਮਾ ਬਿੰਦੂ ਨੇ ਆਖਿਰਕਾਰ ਖੁਦ ਨਾਲ ਵਿਆਹ ਕਰ ਹੀ ਲਿਆ। ਵਿਵਾਦਾਂ ਤੋਂ ਬਚਣ ਲਈ ਕਸ਼ਮਾ ਨੇ 11 ਜੂਨ ਨੂੰ ਨਿਰਧਾਰਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਬੁੱਧਵਾਰ ਨੂੰ ਇਕੱਲੇ ਵਿਆਹ ਕਰਵਾ ਲਿਆ।

ਇਸ ਦੌਰਾਨ ਹਲਦੀ, ਮਹਿੰਦੀ ਦੀ ਰਸਮ ਹੋਈ, ਇਕੱਲਿਆਂ ਹੀ ਫੇਰੇ ਵੀ ਹੋਏ ਅਤੇ ਸ਼ੀਸ਼ੇ ਅੱਗੇ ਖੜ੍ਹ ਕੇ ਸੰਦੂਰ ਵੀ ਭਰਿਆ, ਖੁਦ ਮੰਗਲਸੂਤਰ ਪਾਇਆ। ਕਸ਼ਮਾ ਦੇ ਵਿਆਹ ਵਿੱਚ ਉਸਦੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਕਸ਼ਮਾ ਨੇ ਹਨੀਮੂਨ ਲਈ ਗੋਆ ਨੂੰ ਚੁਣਿਆ ਹੈ, ਜਿੱਥੇ ਉਹ ਦੋ ਹਫਤੇ ਰੁਕੇਗੀ।

ਇਸ ਅਨੋਖੇ ਵਿਆਹ ਵਿੱਚ ਨਾ ਤਾਂ ਕੋਈ ਲਾੜਾ ਸੀ ਅਤੇ ਨਾ ਹੀ ਪੰਡਿਤ ਜਿਸ ਨੇ ਸੱਤ ਫੇਰਿਆਂ ਦੀ ਰਸਮ ਪੂਰੀ ਕਰਵਾਉਣੀ ਸੀ। ਵਿਆਹ ‘ਚ ਕਸ਼ਮਾ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਕਰੀਬੀ ਦੋਸਤ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਦੇਸ਼ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਵਿਆਹ ਹੈ। ਹਾਲ ਹੀ ‘ਚ ਕਸ਼ਮਾ ਬਿੰਦੂ ਨੇ ਸਿੰਗਲ ਵਿਆਹ ਕਰਨ ਦਾ ਐਲਾਨ ਕੀਤਾ ਸੀ। ਉਸਨੇ 11 ਜੂਨ ਨੂੰ ਵਡੋਦਰਾ ਦੇ ਇੱਕ ਮੰਦਰ ਵਿੱਚ ਆਪਣੇ ਵਿਆਹ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੀ ਪਰ ਪਰੰਪਰਾ ਦਾ ਪਾਲਣ ਕਰਨ ਲਈ ਖੁਦ ਨਾਲ ਵਿਆਹ ਕਰੇਗੀ।

ਜਿਵੇਂ ਹੀ ਕਸ਼ਮਾ ਨੇ ਆਪਣੇ ਵਿਆਹ ਦਾ ਐਲਾਨ ਕੀਤਾ, ਵਿਰੋਧ ਸ਼ੁਰੂ ਹੋ ਗਿਆ। ਭਾਵੇਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਬਹੁਤੀ ਨਹੀਂ ਸੀ ਪਰ ਵਿਆਹ ਵਾਲੇ ਦਿਨ ਕਿਸੇ ਹੰਗਾਮੇ ਡਰੋਂ ਕਸ਼ਮਾ ਨੇ 11 ਜੂਨ ਦੀ ਬਜਾਏ 8 ਜੂਨ ਨੂੰ ਵਿਆਹ ਕਰਵਾ ਲਿਆ। ਇਸ ਸਵੈ-ਵਿਆਹ ਬਾਰੇ ਕਸ਼ਮਾ ਦਾ ਕਹਿਣਾ ਹੈ ਕਿ ‘ਮੈਂ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਦੁਲਹਨ ਬਣਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣੇ ਆਪ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਮੈਂ ਸ਼ਾਇਦ ਆਪਣੇ ਦੇਸ਼ ਦੀ ਪਹਿਲੀ ਕੁੜੀ ਹਾਂ ਜਿਸਨੇ ਸਵੈ-ਪਿਆਰ ਦੀ ਮਿਸਾਲ ਕਾਇਮ ਕੀਤੀ।












