ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ਵਿੱਚ ਇੱਕ 10 ਸਾਲਾ ਲੜਕੇ ਦੇ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਸ਼ੁੱਕਰਵਾਰ (10 ਜੂਨ) ਦੁਪਹਿਰ 2 ਵਜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ NDRF ਅਤੇ SDRF ਦੀਆਂ ਟੀਮਾਂ ਬਚਾਅ ਕੰਮ ‘ਚ ਲੱਗੀਆਂ ਹੋਈਆਂ ਹਨ। ਜੰਜਗੀਰ-ਚੰਪਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਦਾ ਨਾਂ ਰਾਹੁਲ ਸਾਹੂ ਹੈ। ਉਹ ਆਪਣੇ ਘਰ ਦੇ ਪਿੱਛੇ ਬੋਰਵੈੱਲ ਵਿੱਚ ਡਿੱਗ ਗਿਆ। ਘਟਨਾ ਸ਼ੁੱਕਰਵਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ, ਸੂਚਨਾ ਮਿਲਦੇ ਹੀ ਪ੍ਰਸ਼ਾਸਨ ਚੌਕਸ ਹੋ ਗਿਆ। ਇਸ ਦੇ ਨਾਲ ਹੀ ਸ਼ਾਮ 4 ਵਜੇ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।

ਦੱਸ ਦਈਏ ਕਿ ਬੋਰਵੈੱਲ ‘ਚ ਡਿੱਗੇ 10 ਸਾਲਾ ਰਾਹੁਲ ਨੂੰ ਬਚਾਉਣ ਲਈ 21 ਘੰਟੇ ਤੋਂ ਬਚਾਅ ਕਾਰਜ ਜਾਰੀ ਹੈ। ਬੋਰਵੈੱਲ ਦੇ ਬਿਲਕੁਲ ਕੋਲ 50 ਫੁੱਟ ਤੋਂ ਵੱਧ ਦੀ ਖੁਦਾਈ ਕੀਤੀ ਗਈ ਹੈ। ਰਾਹੁਲ ਨੂੰ ਪਾਈਪ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਹੈ। ਬੋਰਵੈੱਲ ‘ਚੋ ਰਾਹੁਲ ਦੀ ਆਵਾਜ਼ ਅਤੇ ਹਿਲਜੁਲ ਪੂਰੀ ਤਰ੍ਹਾਂ ਸੁਣਾਈ ਅਤੇ ਦਿਖਾਈ ਦੇ ਰਹੀ ਹੈ।

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬੱਚੇ ਨੂੰ ਸੁਰੱਖਿਅਤ ਕੱਢਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਬੱਚੇ ਦੇ ਮਾਪਿਆਂ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਰਾਹੁਲ ਦੀ ਸੁਰੱਖਿਅਤ ਵਾਪਸੀ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਸਾਰਾ ਪ੍ਰਸ਼ਾਸਨ ਰਾਹੁਲ ਦੀ ਸੁਰੱਖਿਅਤ ਵਾਪਸੀ ਲਈ ਯਤਨ ਕਰ ਰਿਹਾ ਹੈ। ਤੁਸੀਂ ਲੋਕ ਸਬਰ ਰੱਖੋ, ਰਾਹੁਲ ਸੁਰੱਖਿਅਤ ਵਾਪਸ ਆ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਨਾਲ ਗੱਲ ਕੀਤੀ ਹੈ ਅਤੇ ਪੂਰੇ ਬਚਾਅ ਕਾਰਜ ਬਾਰੇ ਜਾਣਕਾਰੀ ਲਈ ਹੈ।
ਬੱਚੇ ਦੇ ਪਿਤਾ ਲਾਲਾ ਰਾਮ ਸਾਹੂ ਨੇ ਦੱਸਿਆ ਕਿ ਇਹ ਬੋਰਵੈੱਲ ਕਰੀਬ 80 ਫੁੱਟ ਡੂੰਘਾ ਹੈ, ਜੋ ਉਸ ਨੇ ਆਪਣੇ ਘਰ ਦੇ ਪਿੱਛੇ ਖੇਤ ਵਿੱਚ ਪੁੱਟਿਆ ਸੀ। ਹਾਲਾਂਕਿ ਪਾਣੀ ਨਾ ਆਉਣ ਕਾਰਨ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਗਿਆ।











