ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ 6 ਅਗਸਤ ਨੂੰ ਹੋਵੇਗੀ। ਦੱਸਿਆ ਗਿਆ ਹੈ ਕਿ ਚੋਣਾਂ ਲਈ ਨੋਟੀਫਿਕੇਸ਼ਨ 5 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। ਇਸ ਲਈ ਉਮੀਦਵਾਰ 19 ਜੁਲਾਈ ਤੱਕ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ। ਦੇਸ਼ ਦੇ ਮੌਜੂਦਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਕਾਰਜਕਾਲ 11 ਅਗਸਤ ਨੂੰ ਸਮਾਪਤ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ 18 ਜੁਲਾਈ ਨੂੰ ਹੋਵੇਗੀ ਅਤੇ ਨਤੀਜੇ 21 ਜੁਲਾਈ ਨੂੰ ਆਉਣਗੇ। ਦੱਸ ਦਈਏ ਕਿ ਵਿਰੋਧੀ ਧਿਰ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ 27 ਜੂਨ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਯਸ਼ਵੰਤ ਸਿਨਹਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਵਿੱਤ ਅਤੇ ਵਿਦੇਸ਼ ਮੰਤਰੀ ਰਹਿ ਚੁੱਕੇ ਹਨ। 24 ਜੂਨ ਨੂੰ ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਸੀ।












