ਚੰਡੀਗੜ੍ਹ : ਚੰਡੀਗਡ਼੍ਹ ਪੰਜਾਬੀ ਮੰਚ ਦੇ ਵਿਸ਼ੇਸ਼ ਉੱਦਮਾਂ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪੇਂਡੂ ਸੰਘਰਸ਼ ਕਮੇਟੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਅੱਜ ਇਕ ਰੋਸ ਧਰਨਾ ਬਰਿੱਜ ਮਾਰਕੀਟ ਚੰਡੀਗਡ਼੍ਹ ਵਿਖੇ ਕੀਤਾ ਗਿਆ। ਧਰਨੇ ਨੂੰ ਗੁਰਨਾਮ ਸਿੰਘ ਸਿੱਧੂ, ਬਾਬਾ ਗੁਰਦਿਆਲ ਸਿੰਘ, ਸਾਧੂ ਸਿੰਘ ਸਰਪੰਚ, ਸਿਰੀ ਰਾਮ ਅਰਸ਼, ਬਲਕਾਰ ਸਿੱਧੂ, ਕਰਮ ਸਿੰਘ ਵਕੀਲ, ਗੁਰਪ੍ਰੀਤ ਸਿੰਘ ਸੋਮਲ, ਸੁਖਜਿੰਦਰ ਸਿੰਘ ਸੁੱਖਾ ਆਦਿ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਨਵੰਬਰ 1966 ਸਮੇਂ ਪੁਆਧ ਖੇਤਰ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਉਸ ਸਮੇਂ ਇਸ ਇਲਾਕੇ ਦੀ ਆਮ ਜਨ-ਸੰਖਿਆ ਪੰਜਾਬੀ ਬੋਲਦੀ ਸੀ ਪਰ ਸਰਕਾਰੀ ਤੰਤਰ ਨੇ ਆਪ-ਹੁਦਰੀ ਕਰਕੇ ਕੁਝ ਸਮੇਂ ਵਿੱਚ ਹੀ ਚੰਡੀਗਡ਼੍ਹ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਕਰ ਦਿੱਤੀ। ਅਫ਼ਸੋਸ ਕਿ ਚੰਡੀਗੜ੍ਹ ਵਾਸੀਆਂ ਨਾਲ ਇਹ ਧੱਕਾ ਅੱਜ ਵੀ ਜਾਰੀ ਹੈ ਜਦਕਿ ਸਾਰੇ ਭਾਰਤ ਵਿਚ 22 ਭਾਸ਼ਾਵਾਂ ਸਰਕਾਰੀ ਮਾਨਤਾ ਪ੍ਰਾਪਤ ਹਨ, ਜਿਨ੍ਹਾਂ ਵਿੱਚ ਪੰਜਾਬੀ ਤਾਂ ਇੱਕ ਭਾਸ਼ਾ ਹੈ ਪਰ ਅੰਗਰੇਜ਼ੀ ਉਨ੍ਹਾਂ ਭਾਸ਼ਾਵਾਂ ਵਿਚੋਂ ਇਕ ਨਹੀਂ ਹੈ। ਅੰਗਰੇਜ਼ੀ ਕਿਸੇ ਵੀ ਭਾਰਤੀ ਸੂਬੇ ਜਾਂ ਕੇਂਦਰੀ ਸਾਸ਼ਤ ਪ੍ਰਦੇਸ਼ ਦੀ ਦਫ਼ਤਰੀ ਭਾਸ਼ਾ ਨਹੀਂ ਤਾਂ ਫੇਰ ਇਹ ਧੱਕਾ ਚੰਡੀਗੜ੍ਹ ਵਾਸੀਆਂ ਨਾਲ ਕਿਉਂ? ਚੰਡੀਗੜ੍ਹ ਦੇ ਕਿਸੇ ਵੀ ਵਾਸੀ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈl ਇਸ ਧੱਕੇ ਖ਼ਿਲਾਫ਼ ਚੰਡੀਗਡ਼੍ਹ ਪੰਜਾਬੀ ਮੰਚ ਲਗਾਤਾਰ ਲੜ ਰਿਹਾ ਹੈ।
ਬੁਲਾਰਿਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਚੰਡੀਗੜ੍ਹ ਦੇ ਸਾਰੇ ਦਫ਼ਤਰਾਂ ਵਿੱਚ ਪੰਜਾਬੀ ਪਹਿਲੀ ਭਾਸ਼ਾ ਵਜੋਂ ਅਪਣਾਈ ਜਾਵੇ ਚੰਡੀਗਡ਼੍ਹ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚ ਵੀ ਪੰਜਾਬੀ ਮਾਧਿਅਮ ਦੇ ਤੌਰ ਤੇ ਬਣਾਈ ਜਾਵੇ। ਚੰਡੀਗੜ੍ਹ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਇੰਤਜ਼ਾਮ ਕੀਤਾ ਜਾਵੇ। ਪੰਜਾਬੀ ਵਿਰੋਧੀ ਅਧਿਆਪਕਾਂ ਅਤੇ ਵਿਦਿਅਕ ਅਦਾਰਿਆਂ ਖ਼ਿਲਾਫ਼ ਫੌਰੀ ਤੌਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਬੱਚੇ ਅਤੇ ਮਾਪੇ ਪੰਜਾਬੀ ਪੜ੍ਹਨ / ਪੜ੍ਹਾਉਣ ਵਿਚ ਹੋਰ ਦਿਲਚਸਪੀ ਲੈ ਸਕਣ।












