ਚੰਡੀਗੜ੍ਹ, 26 ਅਗਸਤ : – ਕਾਂਗਰਸ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਦੇ ਪੁਰਾਣੇ ਸਹਿਯੋਗੀ ਤੇ ਮੌਜੂਦਾ ਭਾਜਪਾ ਆਗੂ ਸੁਨੀਲ ਜਾਖੜ ਵੱਲੋਂ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਕੀਤੀਆਂ ਟਿੱਪਣੀਆਂ ਦੀਆਂ ਰਿਪੋਰਟਾਂ ਤੇ ਨਿਖੇਧੀ ਕੀਤੀ ਹੈ। ਜਾਖੜ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਸੀ ਕਿ ਕਾਂਗਰਸ ਵਿੱਚ ਕਿਸੇ ਨੇ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕੀਤਾ ਅਤੇ ਹੁਣ ਕਿਸੇ ਨੇ ਵੜਿੰਗ ਨੂੰ ਸੂਬਾ ਕਾਂਗਰਸ ਪ੍ਰਧਾਨ ਵਜੋਂ ਸਵੀਕਾਰ ਨਹੀਂ ਕੀਤਾ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਸਿਧਾਂਤਕ ਤੌਰ ‘ਤੇ ਜਾਖੜ, ਜਿਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਕਾਂਗਰਸ ਨਾਲ ਧੋਖਾ ਕੀਤਾ ਸੀ ਅਤੇ ਹੁਣ ਭਾਜਪਾ ‘ਚ ਹਨ, ਨੂੰ ਕਾਂਗਰਸ ‘ਤੇ ਟਿੱਪਣੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਦੇ ਕੰਮਕਾਜ ‘ਤੇ ਟਿੱਪਣੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਾਖੜ ਜਿਨ੍ਹਾਂ ਸਿਧਾਂਤਾਂ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਂਗਰਸ ਵਿਚ ਜੋ ਕੁਝ ਹੋ ਰਿਹਾ ਹੈ, ਉਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜਾਂ ਭਾਜਪਾ ਵਿੱਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਂਗਰਸ ਵਿੱਚ ਆਪਣੇ ਪੁਰਾਣੇ ਦਿਨ ਯਾਦ ਆ ਰਹੇ ਹਨ, ਜਿੱਥੇ ਉਨ੍ਹਾਂ ਨੂੰ ਸਨਮਾਨ ਅਤੇ ਸਮਰਥਨ ਸਮੇਤ ਉਹ ਸਭ ਕੁਝ ਮਿਲਿਆ, ਜੋ ਉਨ੍ਹਾਂ ਨੂੰ ਭਾਜਪਾ ਵਿੱਚ ਨਹੀਂ ਮਿਲ ਸਕਿਆ।
ਕਾਂਗਰਸੀ ਆਗੂਆਂ ਨੇ ਦੁਹਰਾਇਆ ਕਿ ਪਾਰਟੀ ਦੇ ਹਰ ਆਗੂ ਅਤੇ ਵਰਕਰ ਨੇ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕੀਤਾ ਸੀ ਅਤੇ ਉਨ੍ਹਾਂ ਦਾ ਸਤਿਕਾਰ ਕੀਤਾ ਸੀ। ਹਾਂ, ਤੁਸੀਂ ਹੀ ਅਜਿਹੇ ਵਿਅਕਤੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕੀਤਾ ਸੀ, ਕਿਉਂਕਿ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਹਾਰਨ ਦੇ ਬਾਵਜੂਦ ਤੁਹਾਡੀ ਮੁੱਖ ਮੰਤਰੀ ਬਣਨ ਦੀ ਇੱਛਾ ਪੂਰੀ ਨਹੀਂ ਹੋ ਸਕੀ ਸੀ ਅਤੇ ਇਹ ਤੁਹਾਡੇ ਜ਼ਖ਼ਮਾਂ ‘ਤੇ ਲੂਣ ਛਿੜਕ ਰਿਹਾ ਸੀ।
ਜਦੋਂ ਕਿ ਰਾਜਾ ਵੜਿੰਗ ਦੇ ਸੂਬਾ ਕਾਂਗਰਸ ਪ੍ਰਧਾਨ ਬਣਨ ‘ਤੇ ਕਾਂਗਰਸੀ ਆਗੂਆਂ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ (ਵੜਿੰਗ) ਨੂੰ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਸਵੀਕਾਰ ਕੀਤਾ ਗਿਆ ਹੈ | ਸਗੋਂ ਉਨ੍ਹਾਂ ਚ ਪਾਰਟੀ ਦਾ ਮਜ਼ਬੂਤ ਭਵਿੱਖ ਵੀ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਵਾਂਗ ਵੜਿੰਗ ਨੂੰ ਪਲੇਟ ‘ਤੇ ਸਭ ਕੁਝ ਸਜਾਇਆ ਨਹੀਂ ਮਿਲਿਆ ਸੀ। ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਜ਼ਮੀਨੀ ਪੱਧਰ ਦੇ ਵਰਕਰ ਤੋਂ ਸੂਬੇ ਵਿੱਚ ਸਭ ਤੋਂ ਉੱਚਾ ਮੁਕਾਮ ਹਾਸਿਲ ਕੀਤਾ ਅਤੇ ਅਸੀਂ ਉਨ੍ਹਾਂ ਵਰਗੇ ਆਗੂ ਵਲੋਂ ਪਾਰਟੀ ਦੀ ਅਗਵਾਈ ਕਰਨ ਤੇ ਮਾਣ ਮਹਿਸੂਸ ਕਰਦੇ ਹਾਂ।
ਕਾਂਗਰਸੀ ਆਗੂਆਂ ਨੇ ਜਾਖੜ ਨੂੰ ਸੁਝਾਅ ਦਿੱਤਾ ਕਿ ਬਿਹਤਰ ਇਹ ਹੈ ਕਿ ਤੁਸੀਂ ਕਾਂਗਰਸ ਦੇ ਕੰਮਕਾਜ ਵਿੱਚ ਝਾਕਣ ਦੀ ਬਜਾਏ ਆਪਣੀ ਨਵੀਂ ਪਾਰਟੀ ਵੱਲ ਧਿਆਨ ਦਿਓ, ਜਿਸ ਕਾਂਗਰਸ ਨੂੰ ਤੁਸੀਂ ਬੇਸ਼ਰਮੀ ਨਾਲ ਧੋਖਾ ਦਿੱਤਾ ਸੀ। ਉਨ੍ਹਾਂ ਨੇ ਜਾਖੜ ਨੂੰ ਕਿਹਾ ਕਿ ਜੇਕਰ ਤੁਸੀਂ ਕਾਂਗਰਸ ਦਾ ਧੰਨਵਾਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਉਸ ਨਾਲ ਨਫ਼ਰਤ ਨਾ ਕਰੋ, ਜਿਸ ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੂੰ ਬਹੁਤ ਕੁਝ ਦਿੱਤਾ ਹੈ।
ਇਸ ਬਿਆਨ ‘ਤੇ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਸੁੱਖ ਸਰਕਾਰੀਆ, ਅਰੁਣਾ ਚੌਧਰੀ, ਰਾਜ ਕੁਮਾਰ ਚੱਬੇਵਾਲ, ਪ੍ਰਗਟ ਸਿੰਘ, ਕੈਪਟਨ ਸੰਦੀਪ ਸੰਧੂ, ਅੰਗਦ ਸਿੰਘ ਸੈਣੀ, ਕੁਸ਼ਲਦੀਪ ਸਿੰਘ ਢਿੱਲੋਂ, ਇੰਦਰਬੀਰ ਸਿੰਘ ਬੁਲਾਰੀਆ, ਕੁਲਜੀਤ ਨਾਗਰਾ, ਹਰਦੇਵ ਲਾਡੀ ਆਦਿ ਤੇ ਦਸਤਖਤ ਹਨ।
----------- Advertisement -----------
ਚੰਨੀ, ਵੜਿੰਗ ‘ਤੇ ਜਾਖੜ ਦੀ ਟਿੱਪਣੀ ਦੀ ਕਾਂਗਰਸੀ ਆਗੂਆਂ ਨੇ ਕੀਤੀ ਆਲੋਚਨਾ
Published on
----------- Advertisement -----------
----------- Advertisement -----------












