ਚੰਡੀਗੜ੍ਹ, 5 ਸਤੰਬਰ : – ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ-ਸੰਗਰੂਰ ਰੋਡ ‘ਤੇ ਲੱਗੇ ਟੋਲ ਪਲਾਜ਼ਾ ਨੂੰ ਹਟਾਉਣ ਦਾ ਸਿਹਰਾ ਲੈਣ ਦੇ ਦਾਅਵਿਆਂ ‘ਤੇ ਸਵਾਲ ਉਠਾਏ ਹਨ, ਕਿਉਂਕਿ ਇਸ ਟੋਲ ਪਲਾਜ਼ਾ ਦੀ ਮਿਆਦ ਪਹਿਲਾਂ ਹੀ 4 ਸਤੰਬਰ, 2022 ਨੂੰ ਪੂਰੀ ਹੋਣੀ ਸੀ | ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਖੁਲਾਸਾ ਕੀਤਾ ਕਿ ਇਹ ਟੋਲ ਪਲਾਜ਼ਾ ਪਹਿਲੇ ਦਿਨ ਤੋਂ ਹੀ ਗੈਰ-ਕਾਨੂੰਨੀ ਸੀ, ਜੋ ਕਿ ਪਹਿਲਾਂ ਤੋਂ ਬਣੀ ਸੜਕ ‘ਤੇ ਬਣਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਟੋਲ ਪਲਾਜ਼ਾ ਥੋਪਣ ਵਿਰੁੱਧ ਲੜ ਰਹੇ ਹਨ ਅਤੇ ਹੁਣ ਤੱਕ ਇਸ ਮਾਮਲੇ ਵਿਚ ਸਾਰੀਆਂ ਸਰਕਾਰਾਂ ਵਿਰੁੱਧ ਲੜਾਈ ਲੜ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸਨੂੰ ਆਪਣੀ ਪ੍ਰਾਪਤੀ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਕਿ ਇਸ ਟੋਲ ਪਲਾਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ। ਗੋਲਡੀ ਨੇ ਮਾਨ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ 8 ਸਾਲਾਂ ਦੇ ਸਾਂਸਦ ਰਹਿੰਦਿਆਂ ਟੋਲ ਪਲਾਜ਼ਾ ਖ਼ਿਲਾਫ਼ ਆਵਾਜ਼ ਕਿਉਂ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਨ ਅਤੇ ਉਨ੍ਹਾਂ ਨੇ ਕਦੇ ਵੀ ਇਹ ਮੁੱਦਾ ਨਹੀਂ ਉਠਾਇਆ। ਇਸਦੇ ਉਲਟ ਮੁੱਖ ਮੰਤਰੀ ਪਹਿਲਾਂ ਇਸਨੂੰ ਮਾਮੂਲੀ ਮੁੱਦਾ ਦੱਸ ਕੇ ਖਾਰਜ ਕਰ ਦਿੰਦੇ ਸਨ।

ਧੂਰੀ ਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਧੂਰੀ ਤੋਂ ਸੰਗਰੂਰ ਤੱਕ 13 ਕਿਲੋਮੀਟਰ ਦੀ ਛੋਟੀ ਦੂਰੀ ਲਈ ਲੋਕਾਂ ਨੂੰ ਪੈਸੇ ਵਸੂਲੇ ਜਾਣ ਤੋਂ ਬਚਾਉਣ ਲਈ ਇਕ ਵੈਕਲਪਿਕ ਸੜਕ ਬਣਾਈ ਸੀ। ਅਤੇ ਇਸ ਕਾਰਨ ਉਨ੍ਹਾਂ ਨੂੰ ਟੋਲ ਪਲਾਜ਼ਾ ਸੰਚਾਲਕਾਂ ਵੱਲੋਂ ਸਮੇਂ-ਸਮੇਂ ‘ਤੇ ਕੇਸ ਦਰਜ ਕਰਵਾਉਣ ਦਾ ਸਾਹਮਣਾ ਕਰਨਾ ਪਿਆ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸੱਚਮੁੱਚ ਹੀ ਲੋਕਾਂ ਨੂੰ ਟੋਲ ਪਲਾਜ਼ਿਆਂ ਤੋਂ ਰਾਹਤ ਦੇਣਾ ਚਾਹੁੰਦੇ ਹਨ ਤਾਂ ਉਹ (ਮੁੱਖ ਮੰਤਰੀ) ਹੋਰ ਟੋਲ ਪਲਾਜ਼ਿਆਂ ਨੂੰ ਕਿਉਂ ਨਹੀਂ ਹਟਾਉਂਦੇ, ਕਿਉਂਕਿ ਉਹ ਧੂਰੀ ਟੋਲ ਪਲਾਜ਼ਾ ਨੂੰ ਹਟਾਉਣ ਦਾ ਦਾਅਵਾ ਕਰ ਰਹੇ ਹਨ।













