ਗੁਰਦਾਸਪੁਰ ਖੇਤਰ ਵਿੱਚ ਸੋਮਵਾਰ ਨੂੰ ਪਾਕਿਸਤਾਨੀ ਡਰੋਨ ਦੇਖੇ ਗਏ । BSF ਮਹਿਲਾ ਜਵਾਨਾਂ ਨੇ ਡਰੋਨ ਉਪਰ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਉਹ ਵਾਪਸ ਪਰਤ ਗਿਆ। ਦਸ ਦਈਏ ਕਿ ਇਹ ਫਾਇਰਿੰਗ ਬੀ. ਐੱਸ. ਐੱਫ. ਦੀ 10 ਬਟਾਲੀਅਨ ਦੀਆਂ ਮਹਿਲਾ ਕਾਂਸਟੇਬਲਾਂ ਨੇ ਕੀਤੀ ਤਾ ਜੋ ਪਾਕਿਸਤਾਨੀ ਡਰੋਨ ਨੂੰ ਸਰਹੱਦ ਅੰਦਰ ਆਉਣ ਤੋਂ ਰੋਕਿਆ ਜਾ ਸਕੇ।

ਬੀ. ਐੱਸ. ਐੱਫ. ਦੇ ਉਪ ਮਹਾਨਿਰਦੇਸ਼ਕ ਪ੍ਰਭਾਕਰ ਜੋਸ਼ੀ ਨੇ ਸੋਮਵਾਰ ਨੂੰ ਦੱਸਿਆ ਕਿ ਠੰਡ ਦਾ ਮੌਸਮ ਆਉਂਦੇ ਹੀ ਪਾਕਿਸਤਾਨ ਵੱਲੋਂ ਹਥਿਆਰ ਤੇ ਡਰੱਗਜ਼ ਦੀ ਤਸਕਰੀ ਦੇ ਮਾਮਲੇ ਤੇਜ਼ ਹੋਣ ਲੱਗੇ ਹਨ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਤਕਰੀਬਨ ਸਾਢੇ 12 ਵਜੇ ਅੰਤਰਰਾਸ਼ਟਰੀ ਸਰਹੱਦ ਕੋਲ ਗੁਰਦਾਸਪੁਰ ਸੈਕਟਰ ਵਿੱਚ ਇਕ ਡਰੋਨ ਦਿਖਾਈ ਦਿੱਤਾ। ਬੀ. ਐੱਸ. ਐੱਫ. ਦੀ ਟੀਮ ਨੂੰ ਕੁਝ ਆਵਾਜ਼ ਸੁਣਾਈ ਦੇਣ ‘ਤੇ ਮਹਿਲਾ ਜਵਾਨਾਂ ਨੇ ਪੰਜ ਰਾਊਂਡ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਪਾਕਿਸਤਾਨ ਦੇ ਇਲਾਕੇ ਵੱਲ ਵਾਪਸ ਮੁੜ ਗਿਆ।












