ਚੰਡੀਗੜ੍ਹ, 12 ਸਤੰਬਰ : – ਪੰਜਾਬ ਕਾਂਗਰਸ ਨੇ ਸੂਬੇ ਨੂੰ ਦੀਵਾਲੀਏਪਣ ਵੱਲ ਧੱਕਣ ਵਾਲੀ ਗੈਰ ਤਜਰਬੇਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਹ ਬਹੁਤ ਮਹਿੰਗੀ ਸਰਕਾਰ ਹੈ, ਜਿਸ ਕੋਲ ਵਿਸ਼ੇਸ਼ ਕਰਕੇ ਵਿੱਤੀ ਪ੍ਰਬੰਧਨ ਦੇ ਤਜਰਬੇ ਅਤੇ ਯੋਗਤਾ ਦੀ ਘਾਟ ਹੈ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸੀਨੀਅਰ ਬੁਲਾਰਿਆਂ ਹਰਦੀਪ ਸਿੰਘ ਕਿੰਗਰਾ, ਅਰਸ਼ਪ੍ਰੀਤ ਸਿੰਘ ਖਡਿਆਲ ਅਤੇ ਜਸਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਵਿੱਤੀ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਆਪਣੀ ਪਹਿਲੀ ਤਿਮਾਹੀ ਵਿੱਚ 5500 ਕਰੋੜ ਰੁਪਏ ਦਾ ਵਿੱਤੀ ਖਰਚਾ ਕੀਤਾ ਹੈ।

ਕਿੰਗਰਾ ਨੇ ਚੇਤਾਵਨੀ ਦਿੱਤੀ ਕਿ ਜਿਸ ਤਰ੍ਹਾਂ ਇਹ ਸਰਕਾਰ ਪੈਸਾ ਖਰਚ ਕਰ ਰਹੀ ਹੈ ਅਤੇ ਕਰਜ਼ੇ ਲੈ ਰਹੀ ਹੈ, ਉਸ ਨਾਲ ਇਸਦੇ ਕਾਰਜਕਾਲ ਦੇ ਅੰਤ ਤੱਕ ਪੰਜਾਬ ‘ਤੇ ਕਰਜ਼ਾ ਮੌਜੂਦਾ 3 ਲੱਖ ਕਰੋੜ ਰੁਪਏ ਤੋਂ 7 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਕਾਂਗਰਸੀ ਆਗੂਆਂ ਨੇ ‘ਆਪ’ ਸਰਕਾਰ ਵੱਲੋਂ ਪੰਜਾਬ ਦੇ ਖ਼ਜ਼ਾਨੇ ’ਤੇ ਕੀਤੀ ਜਾ ਰਹੀ ਫਜ਼ੂਲਖ਼ਰਚੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪੰਜਾਬੀਆਂ ਲਈ ਸਭ ਤੋਂ ਮਹਿੰਗੀ ਸਾਬਤ ਹੋ ਰਹੀ ਹੈ। ਉਨ੍ਹਾਂ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਅਰਵਿੰਦ ਕੇਜਰੀਵਾਲ ਨਾਲ ਭਗਵੰਤ ਮਾਨ ਦੀ ਗੁਜਰਾਤ ਲਈ ਹੈਲੀਕਾਪਟਰ ਦੀ ਸਵਾਰੀ ਲਈ 44.85 ਲੱਖ ਰੁਪਏ ਅਦਾ ਕੀਤੇ ਸਨ। ਉਨ੍ਹਾਂ ਸਵਾਲ ਕੀਤਾ ਕਿ ਦਿੱਲੀ ਸਰਕਾਰ ਨੇ ਹੈਲੀਕਾਪਟਰ ਦੇ ਬਿੱਲ ਦਾ ਭੁਗਤਾਨ ਕਿਉਂ ਨਹੀਂ ਕੀਤਾ। ਤੁਸੀਂ ਪੰਜਾਬ ਦੀ ਆਰਥਿਕਤਾ ਦਾ ਖੂਨ ਚੂਸ ਰਹੇ ਹੋ।
ਇਸੇ ਤਰ੍ਹਾਂ ਕਾਂਗਰਸ ਦੇ ਬੁਲਾਰਿਆਂ ਨੇ ਖੁਲਾਸਾ ਕੀਤਾ ਕਿ ਸਾਬਕਾ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੇ ਪੰਜ ਸਹੁੰ ਚੁੱਕ ਸਮਾਗਮਾਂ ‘ਤੇ 1.95 ਕਰੋੜ ਰੁਪਏ ਤੋਂ ਘੱਟ ਖਰਚ ਕੀਤੇ ਗਏ ਸਨ, ਪਰ ਇਕੱਲੇ ਭਗਵੰਤ ਮਾਨ ਲਈ 3 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਵਿੱਤ ਮੰਤਰੀ ਵੱਲੋਂ ਸਰਕਾਰ ਵੱਲੋਂ ਕਰਜ਼ੇ ਦੀ 2000 ਕਰੋੜ ਰੁਪਏ ਦੀ ਮੂਲ ਰਕਮ ਦੀ ਅਦਾਇਗੀ ਕੀਤੇ ਜਾਣ ਦੇ ਦਾਅਵੇ ਦਾ ਹਵਾਲਾ ਦਿੰਦਿਆਂ ਕਿੰਗਰਾ ਨੇ ਖੁਲਾਸਾ ਕੀਤਾ ਕਿ ਅਸਲ ਵਿੱਚ ਸੂਬੇ ਨੇ ਸਮੁੱਚੇ ਕਰਜ਼ੇ ਵਿੱਚ 8000 ਕਰੋੜ ਰੁਪਏ ਦਾ ਵਾਧੂ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 10000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜਿਸ ਵਿੱਚੋਂ 8000 ਕਰੋੜ ਰੁਪਏ ਦਾ ਵਿਆਜ ਅਤੇ 2000 ਕਰੋੜ ਰੁਪਏ ਦੀ ਮੂਲ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਕੁੱਲ ਕਰਜ਼ਾ 8000 ਕਰੋੜ ਰੁਪਏ ਵਧ ਗਿਆ ਹੈ। ਕਾਂਗਰਸ ਦੇ ਬੁਲਾਰਿਆਂ ਨੇ ਕਿਹਾ ਕਿ ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਦਿੱਤੀ ਗਈ ਹੈ, ਹਾਲਾਂਕਿ ਇਸ ਵਿੱਚ ਬਹੁਤ ਸਾਰੀ ਜਾਣਕਾਰੀ ਛੁਪਾਈ ਗਈ ਹੈ।
ਇਕ ਹੋਰ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ‘ਆਪ’ ਸਰਕਾਰ ਨੇ ਬਜਟ ਪੇਸ਼ ਕੀਤਾ ਸੀ ਤਾਂ ਦਾਅਵਾ ਕੀਤਾ ਸੀ ਕਿ ਕਾਗਜ਼ ਰਹਿਤ ਬਜਟ ਲਿਆਂਦਾ ਗਿਆ ਹੈ ਅਤੇ ਕਰੀਬ 22 ਲੱਖ ਰੁਪਏ ਦੀ ਬਚਤ ਕੀਤੀ ਗਈ ਹੈ। ਪਰ ਉਸਨੇ ਕਾਗਜ਼ ਰਹਿਤ ਬਜਟ ਪੇਸ਼ ਕਰਨ ਦੇ ਦਾਅਵਿਆਂ ਦੇ ਇਸ਼ਤਿਹਾਰਾਂ ‘ਤੇ 40 ਲੱਖ ਰੁਪਏ ਖਰਚ ਕਰ ਦਿੱਤੇ।
ਕਾਂਗਰਸੀ ਆਗੂਆਂ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਰਗੇ ਚੋਣਾਂ ਵਾਲੇ ਰਾਜਾਂ ਲਈ ਅਖਬਾਰਾਂ ਅਤੇ ਹੋਰ ਨਿਊਜ਼ ਚੈਨਲਾਂ ਵਿੱਚ ਇਸ਼ਤਿਹਾਰ ਦੇਣ ਲਈ ਪੰਜਾਬ ਦੇ ਪੈਸੇ ਦੀ ਦੁਰਵਰਤੋਂ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਖੁਲਾਸਾ ਕੀਤਾ ਕਿ ਜਦੋਂ ਸੂਬਾ ਸਰਕਾਰ ਨੇ ਇਸ਼ਤਿਹਾਰਾਂ ‘ਤੇ 40 ਕਰੋੜ ਰੁਪਏ ਖਰਚ ਕੀਤੇ ਸਨ ਉਨ੍ਹਾਂ ਵਿੱਚੋਂ ਪੰਜਾਬ ‘ਤੇ ਸਿਰਫ 10 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ 30 ਕਰੋੜ ਰੁਪਏ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ‘ਤੇ ਖਰਚ ਕੀਤੇ ਗਏ ਸਨ।












