ਚੰਡੀਗੜ੍ਹ : – ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ‘ਚ ਸ਼ਾਮਲ ਗੱਡੀਆਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇੱਕ ਆਰਟੀਆਈ ਤੋਂ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਸੁਰੱਖਿਆ ਵਿੰਗ ਵੱਲੋਂ ਮੁਹੱਈਆ ਕਰਵਾਏ ਵਾਹਨਾਂ ਤੋਂ ਇਲਾਵਾ ਰਾਜ ਦੇ ਟਰਾਂਸਪੋਰਟ ਕਮਿਸ਼ਨਰ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਲਈ ਉਪਲਬਧ ਵਾਹਨਾਂ ਦੇ ਫਲੀਟ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ।
ਉਂਜ ਜਦੋਂ ਪ੍ਰਕਾਸ਼ ਸਿੰਘ ਬਾਦਲ 2007-17 ਤੱਕ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੇ ਕਾਫ਼ਲੇ ਵਿੱਚ 33 ਗੱਡੀਆਂ ਸਨ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਗੱਡੀਆਂ ਦੀ ਗਿਣਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ, ਪਰ ਆਰਟੀਆਈ ਵਿੱਚ ਖੁਲਾਸਾ ਹੋਇਆ ਹੈ ਕਿ ਸੀਐਮ ਮਾਨ ਦੇ ਕਾਫ਼ਲੇ ਵਿੱਚ 42 ਗੱਡੀਆਂ ਹਨ।
ਪਿਛਲੇ ਦਿਨੀਂ ਭਗਵੰਤ ਮਾਨ ਪੁੱਛਦੇ ਸੀ ਕਿ ਇੰਨੀਆਂ ਗੱਡੀਆਂ ਦੇ ਕਾਫਲੇ ਦਾ ‘ਰਾਜੇ-ਮਹਾਰਾਜੇ’ ਕੀ ਕਰਦੇ ਹਨ? ਕੀ ਹੁਣ CM ਮਾਨ ਖੁਦ ਸਪੱਸ਼ਟ ਕਰਨਗੇ ਕਿ ਉਹ 42 ਗੱਡੀਆਂ ਦੇ ਕਾਫਲੇ ਨਾਲ ਕੀ ਕਰ ਰਹੇ ਹਨ? ਕੀ ਇਹ ਉਹ ਤਬਦੀਲੀ ਸੀ ਜਿਸਦਾ ਤੁਸੀਂ ਵਾਅਦਾ ਕੀਤਾ ਸੀ?













